_*ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਨਾਇਆ ਵਿਸ਼ਵ ਕਿਤਾਬ ਦਿਵਸ*_ *ਊਸਾਰੂ ਸਾਹਿਤ ਪੜ੍ਹਣ ਨਾਲ ਬੱਚਿਆਂ ਦਾ ਬੌਧਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ – ਡਾਇਰੈਕਟਰ ਐੱਸ.ਸੀ.ਈ.ਆਰ.ਟੀ.*

ਜਲੰਧਰ 23 ਅਪ੍ਰੈਲ ( ਚਰਨਜੀਤ ਸਿੰਘ )

 

ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਵਿੱਚ ਜਲੰਧਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਵਿਸ਼ਵ ਕਿਤਾਬ ਦਿਵਸ ਮਨਾਇਆ ਗਿਆ। ਵਿਸ਼ਵ ਕਿਤਾਬ ਦਿਵਸ ਮੌਕੇ ਸਕੂਲਾਂ ਦੇ ਮੁਖੀਆਂ, ਅਧਿਆਪਕਾਂ, ਲਾਇਬ੍ਰੇਰੀ ਇੰਚਾਰਜਾਂ ਵੱਲੋਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਨੂੰ ਲਾਇਬ੍ਰੇਰੀ ਵਿੱਚੋਂ ਪੜ੍ਹਣ ਲਈ ਕਿਤਾਬਾਂ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੀ ਅਗਵਾਈ ਵਿੱਚ ਬੱਚਿਆਂ ਨੂੰ ਪਾਠ ਪੁਸਤਕਾਂ ਤੋਂ ਇਲਾਵਾ ਲਾਇਬ੍ਰੇਰੀ ਵਿੱਚ ਉਪਲਬਧ ਸਾਹਿਤ ਦੀਆਂ ਪੁਸਤਕਾਂ ਪੜ੍ਹਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 23 ਅਪ੍ਰੈਲ ਨੂੰ ਵਿਸ਼ਵ ਕਿਤਾਬ ਦਿਵਸ ਮਨਾਇਆ ਜਾਂਦਾ ਹੈ ਇਸ ਲਈ ਸਰਕਾਰੀ ਸਕੂਲਾਂ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਇਸ ਵਾਰ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪਸੰਦ ਦੀਆਂ ਕਿਤਾਬਾਂ ਪੜ੍ਹਣ ਲਈ ਦਿੱਤੀਆਂ। ਕਿਤਾਬਾਂ ਪੜ੍ਹਣ ਨਾਲ ਬੱਚਿਆਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ। ਬੱਚਿਆਂ ਦੇ ਪੜ੍ਹਣ ਕੌਸ਼ਲ ਵਿੱਚ ਸੁਧਾਰ ਆਉਂਦਾ ਹੈ ਅਤੇ ਸਮਝ ਵਧਦੀ ਹੈ। ਡਾ. ਸਰਕਾਰੀਆ ਨੇ ਸਮੂਹ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਿਵੇਕਲੀ ਐਕਟੀਵਿਟੀ ਲਈ ਸਭਨਾਂ ਦਾ ਧੰਨਵਾਦ ਕਰਦੇ ਹਨ।

ਸਰਕਾਰੀ ਸਕੂਲਾਂ ਵਿੱਚ ਵਿਸ਼ਵ ਕਿਤਾਬ ਦਿਵਸ ਮਨਾਉਣ ਲਈ ਅਧਿਆਪਕਾਂ ਨੇ ਸਵੇਰ ਤੋਂ ਹੀ ਬੱਚਿਆਂ ਨੂੰ ਕਿਤਾਬਾਂ ਪੜ੍ਹਣ ਲਈ ਪ੍ਰੇਰਿਤ ਕੀਤਾ। ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਵੀ ਤਸਵੀਰਾਂ ਕਿਤਾਬਾਂ ਪੜ੍ਹਦੇ-ਦੇਖਦੇ ਹੋਏ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦੇਖੀਆਂ ਗਈਆਂ। ਬਹੁਤ ਸਾਰੇ ਸਕੂਲਾਂ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਿਸ਼ਵ ਕਿਤਾਬ ਦਿਵਸ ਮੌਕੇ ਕਿਤਾਬਾਂ ਪੜ੍ਹਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ। ਸਾਹਿਤ ਪੜ੍ਹਣ ਦੇ ਸ਼ੌਕੀਨ ਪਤਵੰਤੇ ਸੱਜਣਾਂ ਨੇ ਸਕੂਲਾਂ ਵਿੱਚ ਜਾ ਕੇ ਸਾਹਿਤ ਦੀਆਂ ਕਿਤਾਬਾਂ ਵੀ ਪੜ੍ਹੀਆਂ।