ਜਾਅਲੀ ਦਸਤਾਵੇਜ਼ਾਂ ’ਤੇ ਜ਼ਮਾਨਤਾਂ ਕਰਵਾਉਣ ਵਾਲਾ ਗਰੋਹ ਕਾਬੂ
ਸੰਗਰੂਰ-ਸੰਗਰੂਰ ਜ਼ਿਲ੍ਹਾ ਪੁਲੀਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਜਾਅਲੀ ਦਸਤਾਵੇਜ਼ ਤਿਆਰ ਕਰਕੇ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਜਾਅਲੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਪ੍ਰੈੱਸ ਕਾਨਫਰੰਸ ਕਰਕੇ ਐੱਸਪੀ (ਐੱਚ) ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਥਾਣਾ ਸਦਰ ਧੂਰੀ ਦੇ ਖੇਤਰ ’ਚ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਗਰੋਹ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡੀਐੱਸਪੀ ਧੂਰੀ ਦਮਨਵੀਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਸਦਰ ਧੂਰੀ ਦੇ ਮੁਖੀ ਇੰਸਪੈਕਟਰ ਕਰਨਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੂੰ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਗੁਰਦੀਪ ਸਿੰਘ ਨੰਬਰਦਾਰ ਵਾਸੀ ਕਾਂਝਲਾ ਹੋਰ ਵਿਅਕਤੀਆਂ ਨਾਲ ਮਿਲ ਕੇ ਜਾਅਲੀ ਦਸਤਾਵੇਜ਼ ਆਧਾਰ ਕਾਰਡ/ਫ਼ਰਦਾਂ ਆਦਿ ਤਿਆਰ ਕਰ ਕੇ ਨਸ਼ਾ ਤਸਕਰੀ ਤੇ ਹੋਰ ਮੁਕੱਦਮਿਆਂ ਦੇ ਮੁਲਜ਼ਮਾਂ ਦੀਆਂ ਜ਼ਮਾਨਤਾਂ ਕਰਵਾਉਂਦੇ ਹਨ। ਇਸ ਕੰਮ ਦੇ ਬਦਲੇ ਉਹ ਮੁਲਜ਼ਮਾਂ ਪਾਸੋਂ ਮੋਟੀਆਂ ਰਕਮਾਂ ਵਸੂਲਦੇ ਹਨ। ਇਨ੍ਹਾਂ ਵੱਲੋਂ ਪਿਛਲੇ ਸਮੇਂ ਦੌਰਾਨ ਵੱਖ-ਵੱਖ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜ਼ਮ ਜੀਵਨ ਸਿੰਘ ਅਤੇ ਬੰਟੀ ਸਿੰਘ ਵਾਸੀਆਨ ਪਿੰਡ ਸਮੁੰਦਗੜ੍ਹ ਛੰਨਾ ਦੀ ਜ਼ਮਾਨਤ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕਰਵਾਈ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੇਸ ਦਰਜ ਕਰਕੇ ਤਫਤੀਸ਼ ਦੌਰਾਨ ਗੁਰਦੀਪ ਸਿੰਘ ਨੰਬਰਦਾਰ ਵਾਸੀ ਪਿੰਡ ਕਾਂਝਲਾ, ਸੁਰਜੀਤ ਸਿੰਘ, ਮਨਜਿੰਦਰ ਸਿੰਘ ਵਾਸੀਆਨ ਕਾਂਝਲਾ, ਜਗਸੀਰ ਸਿੰਘ ਸੀਰਾ ਅਤੇ ਤੀਰਥ ਸਿੰਘ ਵਾਸੀਆਨ ਲੱਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਦੇ ਕਬਜ਼ੇ ਵਿਚੋਂ ਜਾਅਲੀ ਆਧਾਰ ਕਾਰਡ ਦੀਆਂ ਕਾਪੀਆਂ ਬਰਾਮਦ ਕੀਤੀਆਂ ਹਨ।