ਬੱਸ ਕਾਮਿਆਂ ਵੱਲੋਂ ਸਮੂਹ 27 ਡਿਪੂਆਂ ’ਤੇ ਗੇਟ ਰੈਲੀਆਂ
ਚੰਡੀਗੜ੍ਹ-ਪੰਜਾਬ ਰੋਡਵੇਜ਼ ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ ਅੱਜ ਸੂਬੇ ਦੇ ਸਮੂਹ 27 ਡਿੱਪੂਆਂ ’ਤੇ ਗੇਟ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ 9 ਜੁਲਾਈ ਨੂੰ ਸੂਬੇ ਵਿੱਚ ਚੱਕਾ ਜਾਮ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪੱਕਾ ਧਰਨਾ ਲਗਾਉਣ ਲਈ ਕਾਮਿਆਂ ਨੂੰ ਲਾਮਬੰਦ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਫਿਰੋਜ਼ਪੁਰ ਡਿੱਪੂ ਵਿੱਚ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਲੇ ਬਿਆਨ ਅਤੇ ਕੰਮ-ਕਾਰ ਹੁਣ ਸਰਕਾਰ ਬਣਨ ਉਪਰੰਤ ਬਦਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਯੂਨੀਅਨ ਨਾਲ ਪਹਿਲਾਂ ਟਰਾਂਸਪੋਰਟ ਮੰਤਰੀ ਅਤੇ ਫਿਰ ਮੁੱਖ ਮੰਤਰੀ ਨੇ 1 ਜੁਲਾਈ 2024 ਨੂੰ ਮੀਟਿੰਗ ਕਰਕੇ ਯੂਨੀਅਨ ਦੀਆਂ ਮੰਗਾਂ ਦਾ ਮਹੀਨੇ ਵਿੱਚ ਕਮੇਟੀ ਬਣਾ ਕੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਉਸ ਕਮੇਟੀ ਦੇ ਗਠਨ ਉਪਰੰਤ ਸਾਲ ਬਾਅਦ ਵੀ ਕਿਸੇ ਮੰਗ ਦਾ ਹੱਲ ਨਹੀਂ ਕੀਤਾ ਗਿਆ। ਉਧਰ, ਚੰਡੀਗੜ੍ਹ ਡਿੱਪੂ ਵਿੱਚ ਗੇਟ ਰੈਲੀ ਦੌਰਾਨ ਯੂਨੀਅਨ ਪ੍ਰਧਾਨ ਹਰਵਿੰਦਰ ਸਿੰਘ, ਰਣਜੀਤ ਸਿੰਘ ਅਤੇ ਚਮਕੌਰ ਸਿੰਘ ਆਦਿ ਨੇ ਕਿਹਾ ਕਿ ਵਿਭਾਗਾਂ ਦਾ ਜਾਣਬੁੱਝ ਕੇ ਨਿੱਜੀਕਰਨ ਕੀਤਾ ਜਾ ਰਿਹਾ ਹੈ। ਠੇਕੇਦਾਰੀ ਸਿਸਟਮ ਤਹਿਤ ਰਿਸ਼ਵਤਖੋਰੀ ਰਾਹੀਂ ਹੋ ਰਹੀ ਭਰਤੀ ਦੇ ਸਬੂਤ ਵੀ ਯੂਨੀਅਨ ਵੱਲੋਂ ਸਰਕਾਰ ਨੂੰ ਪੇਸ਼ ਕੀਤੇ ਜਾ ਚੁੱਕੇ ਹਨ ਪਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਵਾਅਦਾ ਖਿਲਾਫ਼ੀਆਂ ਨੂੰ ਲੈ ਕੇ 9 ਜੁਲਾਈ ਦੇ ਪੱਕੇ ਧਰਨੇ ਵਿੱਚ ਸਮੁੱਚੇ ਕਾਮੇ ਸ਼ਮੂਲੀਅਤ ਕਰਨ। ਇਸ ਤੋਂ ਇਲਾਵਾ ਪੰਜਾਬ ਸਣੇ ਬਾਹਰੀ ਸੂਬਿਆਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਤੋਂ ਵੀ ਹਮਾਇਤ ਦੀ ਅਪੀਲ ਕੀਤੀ ਗਈ।
