National

ਜਾਤੀ ਮਰਦਮਸ਼ੁਮਾਰੀ ਬਾਰੇ ਸਰਕਾਰ ਦੀ ਨੀਅਤ ਸਾਫ਼ ਨਹੀਂ: ਕਾਂਗਰਸ

ਨਵੀਂ ਦਿੱਲੀ-ਕਾਂਗਰਸ ਨੇ ਅੱਜ ਕੇਂਦਰ ’ਤੇ ਜਾਤੀ ਮਰਦਮਸ਼ੁਮਾਰੀ ਵਿੱਚ ਦੇਰੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਦਾ ਮਕਸਦ ਡੰਗ ਟਪਾਉਣਾ, ਸੁਰਖ਼ੀਆਂ ਬਟੋਰਨਾ ਅਤੇ ਬਿਰਤਾਂਤ ਨੂੰ ਆਪਣੇ ਪੱਖ ਵਿੱਚ ਕਰਨਾ ਹੈ। ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ ਨੇ ਕਿਹਾ ਕਿ ਜਾਤੀ ਮਰਦਮਸ਼ੁਮਾਰੀ ਦਾ ਮਕਸਦ ਸਿਰਫ਼ ਕਿਸੇ ਵਿਅਕਤੀ ਦੀ ਜਾਤੀ ਬਾਰੇ ਡੇਟਾ ਇਕੱਤਰ ਕਰਨਾ ਨਹੀਂ, ਸਗੋਂ ਇਨ੍ਹਾਂ ਪਰਿਵਾਰਾਂ ਦੀਆਂ ਰਹਿਣ-ਸਹਿਣ ਦੀਆਂ ਸਥਿਤੀਆਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਵਿੱਚ ਲੋੜੀਂਦਾ ਸੁਧਾਰ ਕਰਨ ਲਈ ਨੀਤੀਆਂ ਬਣਾਉਣਾ ਹੈ।

ਮਰਦਮਸ਼ੁਮਾਰੀ ਲਈ ਜਾਰੀ ਨੋਟੀਫਿਕੇਸ਼ਨ ਵਿੱਚ ‘ਜਾਤੀ ਮਰਦਮਸ਼ੁਮਾਰੀ ਦਾ ਜ਼ਿਕਰ ਨਾ ਹੋਣ’ ਅਤੇ ਬਜਟ ਅਲਾਟਮੈਂਟ ਸਬੰਧੀ ਸਵਾਲ ਖੜ੍ਹੇ ਕਰਦਿਆਂ ਪਾਇਲਟ ਨੇ ਦੋਸ਼ ਲਾਇਆ ਕਿ ਜਾਤੀ ਮਰਦਮਸ਼ੁਮਾਰੀ ਸਬੰਧੀ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਕੇਂਦਰ ਸਰਕਾਰ ਨੇ ਭਾਰਤ ਦੀ 16ਵੀਂ ਮਰਦਮਸ਼ੁਮਾਰੀ 2027 ਵਿੱਚ ਕਰਵਾਉਣ ਲਈ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ 2027 ਦੀ ਮਰਦਮਸ਼ੁਮਾਰੀ ਵਿੱਚ ਜਾਤੀ ਮਰਦਮਸ਼ੁਮਾਰੀ ਵੀ ਸ਼ਾਮਲ ਕੀਤੀ ਜਾਵੇਗੀ। ਪਾਇਲਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤੀਤ ਵਿੱਚ ਕਈ ਵਾਰ ਕਿਹਾ ਕਿ ਜਾਤੀ ਮਰਦਮਸ਼ੁਮਾਰੀ ਦੀ ਮੰਗ ਕਰਨ ਵਾਲੇ ਲੋਕ ‘ਅਰਬਨ ਨਕਸਲ’ ਹਨ ਅਤੇ ਮੋਦੀ ਸਰਕਾਰ ਨੇ ਸੰਸਦ ਵਿੱਚ ਜਵਾਬ ਦਿੱਤਾ ਕਿ ਉਹ ਜਾਤੀਗਤ ਮਰਦਮਸ਼ੁਮਾਰੀ ਕਰਵਾਉਣ ਦੇ ਹੱਕ ਵਿੱਚ ਨਹੀਂ ਹਨ। ਪਾਇਲਟ ਨੇ ਕਿਹਾ ਕਿ ਜ਼ੋਰਦਾਰ ਵਿਰੋਧ ਮਗਰੋਂ ਸਰਕਾਰ ਨੇ ਅਚਾਨਕ ਕਾਂਗਰਸ ਪਾਰਟੀ ਦੀ ਮੰਗ ਮੰਨਦਿਆਂ ਜਾਤੀ ਮਰਦਮਸ਼ੁਮਾਰੀ ਕਰਵਾਉਣ ਦਾ ਫ਼ੈਸਲਾ ਕੀਤਾ ਹੈ।