ਨਸ਼ਿਆਂ ਖ਼ਿਲਾਫ਼ ਰੈਲੀ ’ਚ ਆਿੲਆ ਲੋਕਾਂ ਦਾ ਹੜ੍ਹ
ਲੁਧਿਆਣਾ-ਇੱਥੋਂ ਦੇ ਘੁਮਾਰ ਮੰਡੀ ਖੇਤਰ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਐੱਨਸੀਸੀ ਕੈਡੇਟਾਂ ਅਤੇ ਐੱਨਐੱਸਐੱਸ ਵਾਲੰਟੀਅਰਾਂ ਨੇ ਨਸ਼ਿਆਂ ਖ਼ਿਲਾਫ਼ ਰੈਲੀ ਕੱਢੀ ਤੇ ਨਸ਼ਿਆਂ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕੀ। ਇਸ ਪ੍ਰੋਗਰਾਮ ’ਚ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਲੁਧਿਆਣਾ ਪੱਛਮੀ ਤੋਂ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਨਾਲ ਮੀਡੀਆ ਨੂੰ ਸੰਬੋਧਨ ਕੀਤਾ। ਸਿਸੋਦੀਆ ਨੇ ਕਿਹਾ ਕਿ ਹਜ਼ਾਰਾਂ ਬੱਚਿਆਂ ਵੱਲੋਂ ਨਸ਼ਾ ਨਾ ਕਰਨ ਦੀ ਸਹੁੰ ਚੁੱਕਣ ਨਾਲ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਬਲ ਮਿਲੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਬੱਚਾ ਇਹ ਸਹੁੰ ਚੁੱਕ ਰਿਹਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਸ਼ਾ ਨਹੀਂ ਕਰੇਗਾ ਅਤੇ ਆਪਣੇ ਪਰਿਵਾਰ ਅਤੇ ਆਸ-ਪਾਸ ਦੇ ਲੋਕਾਂ ਨੂੰ ਨਸ਼ੇ ਕਰਨ ਤੋਂ ਰੋਕੇਗਾ ਅਤੇ ਜੇ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਉਹ ਪੁਲੀਸ ਅਤੇ ਸਰਕਾਰ ਨੂੰ ਸੂਚਿਤ ਕਰੇਗਾ। ਉਨ੍ਹਾਂ ਦੱਸਿਆ ਕਿ ਹਜ਼ਾਰਾਂ ਬੱਚਿਆਂ ਨੂੰ ਸਹੁੰ ਚੁਕਾਈ ਗਈ ਅਤੇ 15 ਹਜ਼ਾਰ ਦੇ ਕਰੀਬ ਬੱਚਿਆਂ ਨੇ ਲੁਧਿਆਣਾ ਦੀ ਮੰਡੀ ਵਿੱਚ ਜਾਗਰੂਕਤਾ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਸਕੂਲਾਂ-ਕਾਲਜਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਸਿੱਖਿਆ ਦੀ ਚੋਣ ਕਰਨੀ ਚਾਹੀਦੀ ਹੈ ਨਾ ਕਿ ਨਸ਼ਿਆਂ ਦੀ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਦਾ ਕਾਰੋਬਾਰ ਨਹੀਂ ਸਗੋਂ ਮਿਹਨਤ ਦਾ ਕਾਰੋਬਾਰ ਚੁਣਨ ਲਈ ਤਿਆਰ ਕਰ ਰਹੇ ਹਾਂ। ਸਿਸੋਦੀਆ ਨੇ ਪੰਜਾਬ ਪੁਲੀਸ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਪੁਲੀਸ-ਪ੍ਰਸ਼ਾਸਨ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਕਾਰਨ ਅੱਜ ਤਸਕਰਾਂ ਵਿਚ ਭਾਰੀ ਡਰ ਪੈਦਾ ਹੋ ਗਿਆ ਹੈ। ਪਿਛਲੇ ਮਹੀਨੇ ਵਿੱਚ ਨਸ਼ੇ ਦੇ ਸੌਦਾਗਰਾਂ ਦਾ ਸਫਾਇਆ ਹੋਇਆ ਹੈ। ਹੁਣ ਨਸ਼ਾ ਤਸਕਰਾਂ ਲਈ ਇੱਕ ਹੀ ਸੁਨੇਹਾ ਹੈ ਕਿ ਜਾਂ ਤਾਂ ਨਸ਼ੇ ਦਾ ਕਾਰੋਬਾਰ ਛੱਡ ਦਿਓ ਜਾਂ ਪੰਜਾਬ ਛੱਡ ਦਿਓ।