Punjab

ਮੁਜ਼ਾਹਰੇ ਤੋਂ ਪਹਿਲਾਂ ਪੁਲੀਸ ਨੇ ਕਾਂਗਰਸੀ ਆਗੂ ਘਰਾਂ ’ਚੋਂ ਚੁੱਕੇ

ਲੁਧਿਆਣਾ-ਕਾਂਗਰਸ ਐੱਸਸੀ ਸੈੱਲ ਦੇ ਜ਼ਿਲ੍ਹਾ ਆਗੂ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਡੁਲਗਚ ਨੂੰ ਪੁਲੀਸ ਨੇ ਅੱਜ ਸਵੇਰੇ ਉਨ੍ਹਾਂ ਦੇ ਘਰੋਂ ਹਿਰਾਸਤ ਵਿੱਚ ਲੈ‌ ਲਿਆ। ਪਾਰਟੀ ਵਰਕਰਾਂ ਨੇ ਉਨ੍ਹਾਂ ਦੀ ਅਗਵਾਈ ਵਿੱਚ ਫਿਲੌਰ ਦੇ ਨੰਗਲ ਪਿੰਡ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੇ ਅਪਮਾਨ ਵਿਰੁੱਧ ਆਰਤੀ ਚੌਕ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਸੀ। ਅੱਜ ਸਵੇਰੇ ਪੁਲੀਸ ਨੇ ਰਾਹੁਲ ਡੁਲਗਚ ਨੂੰ ਹਿਰਾਸਤ ਵਿੱਚ ਲੈ ਕੇ ਕਿਚਲੂ ਨਗਰ ਪੁਲੀਸ ਚੌਕੀ ਲਿਆਂਦਾ। ਇਸ ਬਾਰੇ ਪਤਾ ਲੱਗਦਿਆਂ ਹੀ ਕਾਂਗਰਸ ਪਾਰਟੀ ਦੇ ਹਲਕਾ ਦੱਖਣੀ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ, ਕੌਂਸਲਰ ਨਿਰਮਲ ਕੈੜਾ, ਸਾਬਕਾ ਕੌਂਸਲਰ ਸ਼ੀਲਾ ਦੁੱਗਰੀ ਸਣੇ ਵੱਡੀ ਗਿਣਤੀ ਸਮਰਥਕ ਨੇ ਪੁਲੀਸ ਚੌਕੀ ਮੁਜ਼ਾਹਰਾ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ੍ਰੀ ਚੀਮਾ ਨੇ ਪੁਲੀਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ। ਇੱਥੇ ਕਿਸੇ ਵੀ ਭਾਈਚਾਰੇ ਅਤੇ ਜਥੇਬੰਦੀ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਐੱਸਸੀਜ਼ ਨਾਲ ਧੱਕਾ ਕੀਤਾ ਜਾ ਰਿਹਾ ਹੈ। ਰਾਹੁਲ ਡੁਲਗਚ ਨੂੰ ਬਿਨਾਂ ਵਜ੍ਹਾ ਪੁਲੀਸ ਚੌਕੀ ਲਿਆਂਦਾ ਗਿਆ ਹੈ। ਕਾਂਗਰਸੀ ਆਗੂਆਂ ਦੇ ਵਿਰੋਧ ਅਤੇ ਦਲਿਤ ਸਮਾਜ ਦੇ ਦਬਾਅ ਹੇਠ ਪੁਲੀਸ ਨੇ ਬਾਅਦ ਦੁਪਹਿਰ ਰਾਹੁਲ ਨੂੰ ਛੱਡ ਦਿੱਤਾ।

ਇਸ ਮੌਕੇ ਵਿਵੇਕ ਸੂਦ, ਰਾਜ ਕੁਮਾਰ ਪਾਰਚਾ, ਕੌਂਸਲਰ ਜਸਵਿੰਦਰ ਵੀਰੂ, ਸ਼ੇਰ ਸਿੰਘ ਗਰਚਾ, ਅਮਿਤ ਰੋਹਤਗੀ, ਅਮਨ ਸੋਦੇ, ਵਿਕਾਸ ਸੋਦੇ, ਅਕਾਸ਼ ਟਾਂਕ, ਐਡਵੋਕੇਟ ਲਵਪ੍ਰੀਤ ਸਿੰਘ, ਵਿਸ਼ਾਲ ਸੋਦੇ, ਈਸ਼ੂ ਧੀਂਗੀਆ, ਸੂਰਜ ਗੋਗੀ, ਸਾਹਿਲ ਚੌਹਾਨ ਅਤੇ ਲਖਵਿੰਦਰ ਲੱਕੀ ਆਦਿ ਵੀ ਹਾਜ਼ਰ ਸਨ।