Punjab

ਧਰਨਾ ਦੇ ਰਹੇ ਕਿਸਾਨਾਂ ਤੇ ਵਿਧਾਇਕ ਸਮਰਥਕਾਂ ਵਿਚਾਲੇ ਝੜਪ

ਧਰਮਕੋਟ-ਕਿਸਾਨ ਜਥੇਬੰਦੀਆਂ ਦੇ ਦੋਵਾਂ ਫੋਰਮਾਂ ਦੇ ਸੱਦੇ ’ਤੇ ਅੱਜ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਰਿਹਾਇਸ਼ ਕੈਲਾ ਵਿੱਚ ਧਰਨਾ ਲਗਾ ਕੇ ਬੈਠੇ ਕਿਸਾਨਾਂ ਅਤੇ ਵਿਧਾਇਕ ਸਮਰਥਕਾਂ ਵਿਚਾਲੇ ਝੜਪ ਹੋ ਗਈ। ਮਾਮਲਾ ਵਧਦਾ ਦੇਖ ਜ਼ਿਲ੍ਹਾ ਪੁਲੀਸ ਮੁਖੀ ਅਜੇ ਗਾਂਧੀ, ਐੱਸਪੀ ਗੁਰਸ਼ਰਨਜੀਤ ਸਿੰਘ ਸੰਧੂ ਅਤੇ ਹੋਰ ਪੁਲੀਸ ਅਧਿਕਾਰੀ ਪਿੰਡ ਕੈਲਾ ਵਿੱਚ ਪੁੱਜੇ ਅਤੇ ਮਾਮਲੇ ਨੂੰ ਸ਼ਾਂਤ ਕੀਤਾ। ਕਿਸਾਨ ਆਗੂਆਂ ਰਾਣਾ ਰਣਬੀਰ ਸਿੰਘ ਸੂਬਾ ਜਨਰਲ ਸਕੱਤਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ, ਜ਼ਿਲ੍ਹਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਧਰਮ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ ਬ੍ਰਾਹਮਕੇ ਦੇ ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਅਤੇ ਕਿਸਾਨ ਜਥੇਬੰਦੀ ਖੋਸਾ ਦੇ ਮੁੱਖ ਬੁਲਾਰੇ ਬਲਜਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਦੁਪਹਿਰ ਵੇਲੇ ਵਿਧਾਇਕ ਦੇ ਘਰ ਆਉਂਦਿਆਂ ਹੀ ਉਸ ਦੇ ਸਮਰਥਕਾਂ ਨੇ ਕਿਸਾਨਾਂ ’ਤੇ ਹੱਲਾ ਬੋਲ ਦਿੱਤਾ। ਧਰਨਾਕਾਰੀਆਂ ਤੋਂ ਮਾਈਕ ਖੋਹ ਲਿਆ ਅਤੇ ਧਰਨੇ ਦੀ ਵੀਡੀਓਗਰਾਫੀ ਕਰ ਰਹੇ ਦੋ ਕਿਸਾਨਾਂ ਸੁਖਦੇਵ ਸਿੰਘ ਅਤੇ ਜਗਜੀਤ ਸਿੰਘ ਖੰਬੇ ਦੇ ਮੋਬਾਈਲ ਫੋਨ ਖੋਹ ਲਏ ਗਏ। ਵਿਧਾਇਕ ਸਮਰਥਕ ਦੋਵਾਂ ਨੂੰ ਚੁੱਕ ਕੇ ਘਰ ਅੰਦਰ ਲੈ ਗਏ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਪੁਲੀਸ ਪ੍ਰਸ਼ਾਸਨ ਦੇ ਦਖਲ ਤੋਂ ਬਾਅਦ ਦੋਵਾਂ ਕਿਸਾਨੀ ਦੀ ਖ਼ਲਾਸੀ ਹੋਈ ਅਤੇ ਮੋਬਾਈਲ ਫੋਨ ਵਾਪਸ ਕੀਤੇ ਗਏ। ਉਧਰ, ਵਿਧਾਇਕ ਢੋਸ ਨੇ ਦੱਸਿਆ ਕਿ ਕਿਸਾਨਾਂ ਨੇ ਉਨ੍ਹਾਂ ਦੇ ਘਰ ਦੇ ਬਿਲਕੁਲ ਅੱਗੇ ਧਰਨਾ ਲਗਾ ਕੇ ਘਰ ਦਾ ਮੁੱਖ ਗੇਟ ਬੰਦ ਕਰ ਦਿੱਤਾ ਅਤੇ ਸੜਕ ਦੇ ਦੋਵਾਂ ਪਾਸੇ ਕੈਂਟਰ ਲਗਾ ਕੇ ਆਵਾਜਾਈ ਰੋਕ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇ ਘਰ ਆਏ ਤਾਂ ਸੁਰੱਖਿਆ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਘਰ ਦਾ ਗੇਟ ਛੱਡਣ ਦੀ ਬੇਨਤੀ ਕੀਤੀ। ਕਿਸਾਨ ਹੁਲੜਬਾਜ਼ੀ ’ਤੇ ਉਤਰ ਆਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਇਸ ਕਾਰਨ ਪੁਲੀਸ ਨਾਲ ਉਨ੍ਹਾਂ ਦਾ ਤਕਰਾਰ ਹੋ ਗਿਆ।