ਭੁਬਨੇਸ਼ਵਰ ’ਚ ਕਾਂਗਰਸੀ ਵਰਕਰਾਂ ਤੇ ਪੁਲੀਸ ਵਿਚਾਲੇ ਝੜਪ; 25 ਜ਼ਖ਼ਮੀ
ਭੁਬਨੇਸ਼ਵਰ-ਸੂਬੇ ਵਿੱਚ ਭਾਜਪਾ ਸਰਕਾਰ ਬਣਨ ਮਗਰੋਂ ਮਹਿਲਾਵਾਂ ਖ਼ਿਲਾਫ਼ ਅਪਰਾਧਾਂ ’ਚ ਹੋਏ ਵਾਧੇ ਵਿਰੁੱਧ ਰੋਸ ਪ੍ਰਗਟਾਉਣ ਲਈ ਵਿਧਾਨ ਸਭਾ ਵੱਲ ਰੋਸ ਮਾਰਚ ਕਰਨ ਵਾਲੇ ਕਾਂਗਰਸੀ ਵਰਕਰਾਂ ਨੂੰ ਪੁਲੀਸ ਵੱਲੋਂ ਰੋਕਣ ’ਤੇ ਹੋਈ ਝੜਪ ’ਚ ਲਗਪਗ 25 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ 15 ਪੁਲੀਸ ਮੁਲਾਜ਼ਮ ਸ਼ਾਮਲ ਹਨ, ਜਿਨ੍ਹਾਂ ’ਚੋਂ ਜ਼ਿਆਦਤਰ ਮੁਜ਼ਾਹਰਾਕਾਰੀਆਂ ਵੱਲੋਂ ਕੀਤੀ ਗਈ ਪੱਥਰਬਾਜ਼ੀ ਦੌਰਾਨ ਉਸ ਸਮੇਂ ਜ਼ਖਮੀ ਹੋ ਗਏ, ਜਦੋਂ ਉਨ੍ਹਾਂ ਨੂੰ ਪੁਲੀਸ ਵੱਲੋਂ ਮਹਾਤਮਾ ਗਾਂਧੀ ਮਾਰਗ ’ਤੇ ਰੋਕ ਲਿਆ ਗਿਆ। ਸਥਿਤੀ ਨਾਲ ਨਜਿੱਠਣ ਲਈ ਪੁਲੀਸ ਨੂੰ ਕਾਂਗਰਸੀ ਵਰਕਰਾਂ ’ਤੇ ਲਾਠੀਚਾਰਜ ਕਰਨ ਤੋਂ ਇਲਾਵਾ ਅੱਥਰੂ ਗੈਸ ਤੇ ਜਲ ਤੋਪਾਂ ਦੀ ਵਰਤੋਂ ਕਰਨੀ ਪਈ।
ਕਾਂਗਰਸੀ ਵਰਕਰ ਮਹਿਲਾਵਾਂ ਖ਼ਿਲਾਫ਼ ਵਧਦੇ ਅਪਰਾਧਾਂ ਦੀ ਜਾਂਚ ਲਈ ਸਰਬ ਪਾਰਟੀ ਹਾਊਸ ਕਮੇਟੀ ਕਾਇਮ ਕਰਨ ਦੀ ਮੰਗ ਕਰ ਰਹੇ ਸਨ। ਦੂਜੇ ਪਾਸੇ, ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਵਾਧੂ ਬਲ ਦੀ ਵਰਤੋਂ ਕਰਨੀ ਪਈ ਕਿਉਂਕਿ ਕਾਂਗਰਸੀ ਵਰਕਰਾਂ ਨੇ ਬੈਰੀਕੇਡ ਤੋੜਨ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ’ਤੇ ਪੱਥਰਬਾਜ਼ੀ, ਬੋਤਲਾਂ ਤੇ ਪਲਾਸਟਿਕ ਦੀਆਂ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਸਨ। ਏਸੀਪੀ ਨਰਸਿੰਘ ਭੋਲਾ ਨੇ ਦੱਸਿਆ,‘ਮੁਜ਼ਾਹਰਾਕਾਰੀਆਂ ਵੱਲੋਂ ਪੱਥਰਬਾਜ਼ੀ ਕਾਰਨ 15 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਚਾਰ ਦੀ ਹਾਲਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇੱਕ ਟੀਵੀ ਪੱਤਰਕਾਰ ਦੇ ਸਿਰ ’ਚ ਵੀ ਸੱਟ ਲੱਗੀ ਹੈ।’ ਉਨ੍ਹਾਂ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।