Global

ਬਲੋਚਿਸਤਾਨ: ਅਤਿਵਾਦੀ ਹਮਲੇ ਵਿੱਚ ਪੰਜ ਸੁਰੱਖਿਆ ਮੁਲਾਜ਼ਮ ਹਲਾਕ

ਕੋਇਟਾ-ਪਾਕਿਸਤਾਨ ਦੇ ਗੜਬੜ ਵਾਲੇ ਸੂਬੇ ਬਲੋਚਿਸਤਾਨ ਵਿੱਚ ਅੱਜ ਹੋਏ ਅਤਿਵਾਦੀ ਹਮਲੇ ਵਿੱਚ ਘੱਟੋ-ਘੱਟ ਪੰਜ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 12 ਤੋਂ ਵੱਧ ਜ਼ਖ਼ਮੀ ਹੋ ਗਏ। ਸੂਬੇ ਦੇ ਨੋਸ਼ਕੀ ਖੇਤਰ ਵਿੱਚ ਕੌਮੀ ਮਾਰਗ ’ਤੇ ਇੱਕ ਆਤਮਘਾਤੀ ਹਮਲਾਵਰ ਨੇ ਧਮਾਕਾਖੇਜ਼ ਸਮੱਗਰੀ ਨਾਲ ਭਰੇ ਵਾਹਨ ਨਾਲ ਅਰਧ ਸੈਨਿਕ ਫਰੰਟੀਅਰ ਕੋਰ (ਐਫਸੀ) ਦੇ ਕਾਫ਼ਲੇ ਨੂੰ ਟੱਕਰ ਮਾਰ ਦਿੱਤੀ।

ਅਜੇ ਤੱਕ ਕਿਸੇ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਸਥਾਨਕ ਨੋਸ਼ਕੀ ਥਾਣੇ ਦੇ ਮੁਖੀ ਜ਼ਫਰਉੱਲਾ ਸੁਮਾਲਾਨੀ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਇੱਕ ਆਤਮਘਾਤੀ ਹਮਲਾ ਸੀ। ਉਨ੍ਹਾਂ ਕਿਹਾ, “ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ।

ਸੁਮਾਲਾਨੀ ਨੇ ਕਿਹਾ ਕਿ ਹਮਲੇ ਵਾਲੀ ਥਾਂ ਤੋਂ ਮਿਲੇ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਇੱਕ ਆਤਮਘਾਤੀ ਹਮਲਾਵਰ ਨੇ ਧਮਾਕਾਖੇਜ਼ ਸਮੱਗਰੀ ਨਾਲ ਲੱਦੇ ਵਾਹਨ ਨਾਲ ਸੁਰੱਖਿਆ ਬਲ ਦੇ ਕਾਫ਼ਲੇ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਸੁਰੱਖਿਆ ਬਲਾਂ ਨੇ ਧਮਾਕੇ ਵਾਲੀ ਥਾਂ ਨੂੰ ਘੇਰ ਲਿਆ ਹੈ ਅਤੇ ਹਮਲੇ ਦੇ ਕਾਰਨਾਂ ਅਤੇ ਇਸਦੇ ਲਈ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਹਮਲੇ ਦੀ ਨਿਖੇਧੀ ਕਰਦਿਆਂ ਜਾਨ-ਮਾਲ ਦੇ ਨੁਕਸਾਨ ’ਤੇ ਦੁੱਖ ਪ੍ਰਗਟ ਕੀਤਾ।

ਬੁਗਤੀ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, ‘‘ਬਲੋਚਿਸਤਾਨ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਅੰਤ ਭਿਆਨਕ ਹੋਵੇਗਾ।’’ ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਵੀ ਇਸ ਹਮਲੇ ਦੀ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸੇ ਸੂਬੇ ਵਿੱਚ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਦੇ ਅਤਿਵਾਦੀਆਂ ਨੇ 11 ਮਾਰਚ ਨੂੰ ਗੁਡਲਾਰ ਅਤੇ ਪੀਰੂ ਕੁਨਰੀ ਦੇ ਪਹਾੜੀ ਇਲਾਕਿਆਂ ਨੇੜੇ 440 ਯਾਤਰੀਆਂ ਨੂੰ ਲੈ ਕੇ ਜਾ ਰਹੀ ਜਾਫ਼ਰ ਐਕਸਪ੍ਰੈੱਸ ’ਤੇ ਘਾਤ ਲਾ ਕੇ ਹਮਲਾ ਕੀਤਾ ਸੀ। ਫੌਜ ਵੱਲੋਂ 12 ਮਾਰਚ ਨੂੰ ਸਾਰੇ 33 ਅਤਿਵਾਦੀਆਂ ਨੂੰ ਮਾਰ ਦਿੱਤਾ ਸੀ। ਇਸ ਹਮਲੇ ਵਿੱਚ 21 ਯਾਤਰੀ ਅਤੇ ਚਾਰ ਅਰਧ ਸੈਨਿਕ ਬਲਾਂ ਦੇ ਜਵਾਨ ਵੀ ਮਾਰੇ ਗਏ ਸਨ।