Global

ਪੂਰਬੀ ਬਰਤਾਨੀਆ ਦੇ ਤੱਟ ਨੇੜੇ ਦੋ ਸਮੁੰਦਰੀ ਜਹਾਜ਼ਾਂ ਵਿਚਾਲੇ ਟੱਕਰ

ਲੰਡਨ-ਪੂਰਬੀ ਬਰਤਾਨੀਆ ਦੇ ਤੱਟ ਨੇੜੇ ਅੱਜ ਇੱਕ ਮਾਲਵਾਹਕ ਜਹਾਜ਼ ਨੇ ਜੈੱਟ ਈਂਧਣ ਦੀ ਢੋਆ-ਢੁਆਈ ਕਰਨ ਵਾਲੇ ਜਹਾਜ਼ ਦੇ ਇਕ ਟੈਂਕਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਦੋਵਾਂ ਸਮੁੰਦਰੀ ਜਹਾਜ਼ਾਂ ਨੂੰ ਅੱਗ ਲੱਗ ਗਈ। ਇਸ ਹਾਦਸੇ ਮਗਰੋਂ ਵੱਡੀ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਐਮਰਜੈਂਸੀ ਸੇਵਾਵਾਂ ਨੇ ਇਹ ਜਾਣਕਾਰੀ ਦਿੱਤੀ।

ਸਥਾਨਕ ਲੋਕ ਨੁਮਾਇੰਦੇ ਗ੍ਰਾਹਮ ਸਟੁਅਰਟ ਨੇ ਦੱਸਿਆ ਕਿ ਆਵਾਜਾਈ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਦੋਵਾਂ ਜਹਾਜ਼ਾਂ ’ਤੇ ਚਾਲਕ ਟੀਮਾਂ ਦੇ 37 ਮੈਂਬਰ ਸਵਾਰ ਸਨ ਅਤੇ ਉਨ੍ਹਾਂ ’ਚੋਂ ਇੱਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ, ‘ਦੋਵਾਂ ਜਹਾਜ਼ਾਂ ਦੀਆਂ ਚਾਲਕ ਟੀਮਾਂ ਦੇ ਹੋਰ 36 ਮੈਂਬਰ ਸੁਰੱਖਿਅਤ ਹਨ ਅਤੇ ਉਨ੍ਹਾਂ ਬਾਰੇ ਜਾਣਕਾਰੀ ਮਿਲ ਗਈ ਹੈ।’ ਜਹਾਜ਼ ਨਿਗਰਾਨੀ ਸਾਈਟ ਵੈਸਲਫਾਈਂਡਰ ਅਨੁਸਾਰ ਅਮਰੀਕੀ ਝੰਡੇ ਵਾਲਾ ਜਹਾਜ਼ ਯੂਨਾਨ ਤੋਂ ਰਵਾਨਾ ਹੋ ਕੇ ਅੱਜ ਸਵੇਰੇ ਗ੍ਰਿਮਸਬੀ ਬੰਦਰਗਾਹ ਨੇੜੇ ਖੜ੍ਹਾ ਸੀ। ਪੁਰਤਗਾਲੀ ਝੰਡੇ ਵਾਲਾ ਮਾਲਵਾਹਕ ਜਹਾਜ਼ ਸੋਲੌਂਗ ਦੇ ਗ਼ੇਂਜਮਾਊਥ ਤੋਂ ਨੈਦਰਲੈਂਡ ਦੇ ਰੌਟਰਡੈਮ ਜਾ ਰਿਹਾ ਸੀ। ਇਨ੍ਹਾਂ ਜਹਾਜ਼ਾਂ ਵਿਚਾਲੇ ਟੱਕਰ ਹੋਣ ਮਗਰੋਂ ਅਮਰੀਕੀ ਜਹਾਜ਼ ਦਾ ਜੈਟ-ਏ1 ਈਂਧਣ ਵਾਲਾ ਕਾਰਗੋ ਟੈਂਕ ਫਟਣ ਮਗਰੋਂ ਦੋਵਾਂ ਜਹਾਜ਼ਾਂ ਨੂੰ ਅੱਗ ਲੱਗ ਗਈ ਤੇ ਜਹਾਜ਼ ’ਚ ਕਈ ਧਮਾਕੇ ਹੋਏ। ਇਸ ਨਾਲ ਈਂਧਣ ਸਮੁੰਦਰ ’ਚ ਫੈਲ ਗਿਆ। ਉਨ੍ਹਾਂ ਕਿਹਾ ਕਿ ਟੈਂਕਰ ’ਤੇ ਸਵਾਰ ਸਾਰੇ 23 ਮਲਾਹ ਸੁਰੱਖਿਅਤ ਹਨ। ਹਾਦਸੇ ਮਗਰੋਂ ਤਿੰਨ ਬਚਾਅ ਕਿਸ਼ਤੀਆਂ ਤੱਟ ਰੱਖਿਅਕ ਬਲ ਨਾਲ ਮਿਲ ਕੇ ਘਟਨਾ ਵਾਲੀ ਥਾਂ ’ਤੇ ਬਚਾਅ ਕਾਰਜਾਂ ਵਿੱਚ ਜੁਟੀਆਂ। ਟੱਕਰ ਲੰਡਨ ਤੋਂ ਲਗਪਗ 250 ਕਿਲੋਮੀਟਰ ਦੂਰ ਹੋਈ ਹੈ।