Global

ਯਮਨ ਵਿਚ ਹੂਤੀ ਬਾਗ਼ੀਆਂ ’ਤੇ ਅਮਰੀਕੀ ਹਮਲੇ ’ਚ 53 ਮੌਤਾਂ

ਕਾਹਿਰਾ- ਅਮਰੀਕਾ ਵੱਲੋਂ ਯਮਨ ਵਿਚ ਹੂਤੀ ਬਾਗ਼ੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਵਾਈ ਹਮਲਿਆਂ ਵਿਚ ਘੱਟੋ ਘੱਟ 53 ਵਿਅਕਤੀਆਂ ਦੀ ਮੌਤ ਹੋ ਗਈ ਤੇ 100 ਦੇ ਕਰੀਬ ਜ਼ਖ਼ਮੀ ਹੋ ਗਏ। ਹੂਤੀ ਬਾਗ਼ੀਆਂ ਵੱੱਲੋਂ ਸੰਚਾਲਿਤ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ।

ਇਨ੍ਹਾਂ ਅਮਰੀਕੀ ਹਮਲਿਆਂ ਮਗਰੋਂ ਇਰਾਨ ਹਮਾਇਤੀ ਹੂਤੀ ਬਾਗ਼ੀਆਂ ਨੇ ਹਮਲਿਆਂ ਦੀ ਧਮਕੀ ਦਿੱਤੀ ਹੈ, ਜਿਸ ਨਾਲ ਯਮਨ ਵਿਚ ਹੋਰ ਤਣਾਅ ਵਧਣ ਦਾ ਖ਼ਦਸ਼ਾ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਅਮਰੀਕੀ ਹਮਲਿਆਂ ਵਿਚ ਪੰਜ ਮਹਿਲਾਵਾਂ ਤੇ ਦੋ ਬੱਚਿਆਂ ਸਣੇ ਘੱਟ ਤੋਂ ਘੱਟ 53 ਵਿਅਕਤੀ ਮਾਰੇ ਗਏ ਅਤੇ ਰਾਜਧਾਨੀ ਸਨਾ ਤੇ ਸਾਊਦੀ ਅਰਬ ਦੀ ਸਰਹੱਦ ’ਤੇ ਬਾਗ਼ੀਆਂ ਦੇ ਗੜ੍ਹ ਸਾਦਾ ਸਣੇ ਹੋਰਨਾਂ ਸੂਬਿਆਂ ਵਿਚ ਸੌ ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਰੀ ਝੰਡੀ ਮਗਰੋਂ ਸ਼ਨਿੱਚਰਵਾਰ ਨੂੰ ਯਮਨ ਵਿਚ ਹੂਤੀ ਬਾਗ਼ੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਲੜੀਵਾਰ ਹਵਾਈ ਹਮਲੇ ਕੀਤੇ ਗਏ ਸਨ। ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਇਰਾਨ ਹਮਾਇਤੀ ਹੂਤੀ ਬਾਗ਼ੀ ਅਹਿਮ ਸਮੁੰਦਰੀ ਗਲਿਆਰੇ ਵਿਚ ਆਉਣ ਜਾਣ ਵਾਲੇ ਮਾਲਵਾਹਕ ਬੇੜਿਆਂ ’ਤੇ ਹਮਲੇ ਬੰਦ ਨਹੀਂ ਕਰਦੇ, ਉਦੋਂ ਤੱਕ ਅਮਰੀਕਾ ਹਮਲੇ ਜਾਰੀ ਰੱਖੇਗਾ।