ਫੈਡਰੇਸ਼ਨ ਵਿਗਿਆਨਕ ਦੀ ਸੂਬਾ ਪੱਧਰੀ ਮੀਟਿੰਗ,ਤਗੜੇ ਸੰਘਰਸ਼ ਲਈ ਲਾਮਬੰਦ ਹੋਣ ਦਾ ਹੋਕਾ।
ਐਸ ਏ ਐਸ ਨਗਰ-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਹੋਈ। ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ ਤੇ ਸਹਾਇਕ ਸੂਬਾ ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਦੋਦਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਤੇ ਕਾਰਪੋਰੇਟ ਪੱਖੀ ਨੀਤੀਆਂ ਪੰਜਾਬ ਵਿੱਚ ਲਾਗੂ ਕਰਨ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ।ਕੇਂਦਰ ਸਰਕਾਰ ਵੱਲੋਂ ਯੂਨੀਫਾਈਡ ਪੈਨਸ਼ਨ ਸਕੀਮ ਜੋ ਇਕ ਅਪਰੈਲ ਤੋਂ ਮੁਲਾਜ਼ਮਾਂ ਤੇ ਲਾਗੂ ਕੀਤੀ ਜਾ ਰਹੀ ਹੈ, ਦਾ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਅਤੇ ਪੰਜਾਬ ਵਿੱਚ ਵਿਗਿਆਨਿਕ ਫੈਡਰੇਸ਼ਨ ਵੱਲੋਂ ਲਗਾਤਾਰਤਾ ਵਿੱਚ ਵਿਰੋਧ ਜਾਰੀ ਹੈ ਅਤੇ ਪੂਰੇ ਪੰਜਾਬ ਦੇ ਹਰ ਅਦਾਰੇ ਵਿੱਚ ਇਸ ਦੇ ਵਿਰੋਧ ਸਬੰਧੀ ਪੂਰੀ ਲਾਮਬੰਦੀ ਕਰਦੇ ਹੋਏ 18 ਅਪ੍ਰੈਲ ਨੂੰ ਸੂਬਾ ਪੱਧਰੀ ਕੰਨਵੈਨਸ਼ਨ ਕਰਵਾਈ ਜਾਵੇਗੀ। ਮੁਲਾਜ਼ਮ ਵਰਗ ਨੂੰ ਯੂਨੀਫਾਈਡ ਪੈਨਸ਼ਨ ਸਕੀਮ ਦੀਆਂ ਖਾਮੀਆਂ ਤੋਂ ਸੁਚੇਤ ਕਰਨ ਅਤੇ PFRD ACT ਰੱਦ ਕਰਕੇ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਸੂਬਾ ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਬੱਲੀ, ਸੁਰਿੰਦਰ ਕੰਬੋਜ ਨੇ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਮਿਡਲ ਸਕੂਲਾਂ ਨੂੰ ਬੰਦ ਕਰਨ ਲਈ ਦਾ ਸਰੇਆਮ ਬਿਆਨ ਦੇ ਰਹੇ ਹਨ, ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਵਿੱਚ ਅਧਿਆਪਕ ਲਗਾਤਾਰ ਸੰਘਰਸ਼ ਦੇ ਮੈਦਾਨ ਵਿੱਚ ਹਨ।ਫੀਲਡ ਐਡ ਵਰਕਸ਼ਾਪ ਵਾਟਰ ਸਪਲਾਈ ਦੇ ਆਗੂ ਹਰਦੀਪ ਕੁਮਾਰ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਦੀਆਂ ਤਕਰੀਬਨ ਸਾਰੀਆਂ ਰੈਗੂਲਰ ਪੋਸਟਾਂ ਖ਼ਤਮ ਕਰ ਦਿੱਤੀਆਂ ਹਨ ਤੇ ਇਨਲਿਸਟਮੈਟ ਰਾਹੀਂ ਭਰਤੀ ਕਰਕੇ ਪੋਸਟਾਂ ਦਾ ਠੇਕਾਕਰਨ ਕੀਤਾ ਜਾ ਰਿਹਾ ਹੈ। ਸੂਬਾ ਵਿੱਤ ਸਕੱਤਰ ਗੁਲਜ਼ਾਰ ਖਾਨ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਵੀ ਪ੍ਰਾਇਵੇਟ ਹੱਥਾਂ ਵਿਚ ਪੰਜਾਬ ਸਰਕਾਰ ਸੋਪਣ ਜਾ ਰਹੀ ਹੈ। ਮੀਟਿੰਗ ਵਿੱਚ ਹਾਜ਼ਰ ਆਗੂ ਨੇ ਕਿਹਾ ਕਿ ਆਮ ਪਾਰਟੀ ਦਾ ਚੋਲਾ ਪਹਿਣ ਕੇ ਲੋਕ ਮਾਰੂ ਫ਼ੈਸਲੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਵਿਰੁੱਧ ਫੈਸਲਾਕੁਨ ਸੰਘਰਸ਼ ਦਾ ਸਮਾਂ ਆ ਗਿਆ ਹੈ ਜੇਕਰ ਮੁਲਾਜ਼ਮ ਸੰਘਰਸ਼ ਵੱਡੇ ਪੱਧਰ ਤੇ ਨਾ ਵਿੱਢਿਆ ਗਿਆ ਤਾਂ ਇਹ ਸਾਰਾ ਪੰਜਾਬ ਵੇਚ ਦੇਣਗੇ। ਇਸ ਮੌਕੇ ਉਪਰੋਤਕ ਆਗੂਆਂ ਤੋਂ ਇਲਾਵਾ ਗੁਰਜੀਤ ਸਿੰਘ ਮੋਹਾਲੀ, ਹਰਮਿੰਦਰ ਪਾਲ ਫਤਿਹਗੜ੍ਹ ਸਾਹਿਬ, ਡਾ ਕਰਮਦੀਨ ਖਾਨ ਮਲੇਰਕੋਟਲਾ, ਚਰਨਜੀਤ ਸਿੰਘ ਜਲਸਰੋਤ ਵਿਭਾਗ, ਮੇਜਰ ਸਿੰਘ ਫ਼ਾਜ਼ਿਲਕਾ, ਲਖਵਿੰਦਰ ਸਿੰਘ ਲਾਡੀ, ਪਰਮਲ ਸਿੰਘ ਧਨੌਲਾ, ਰਸ਼ਮਿੰਦਰ ਪਾਲ ਸੋਨੂੰ ਸਮੇਤ ਵੱਖ ਵੱਖ ਜ਼ਿਲਿਆਂ ਦੇ ਆਗੂਆ ਨੇ ਆਪਣੇ ਵਿਚਾਰ ਰੱਖੇ ਤੇ ਤਕੜੇ ਮੁਲਾਜ਼ਮ ਸੰਘਰਸ਼ ਦਾ ਅਹਿਦ ਲਿਆ।