ਝਾਰਖੰਡ: ਧਾਰਮਿਕ ਝੰਡੇ ਲਾਉਣ ਨੂੰ ਲੈ ਕੇ ਦੋ ਧਿਰਾਂ ’ਚ ਝੜਪ, ਕਈ ਜ਼ਖ਼ਮੀ
ਹਜ਼ਾਰੀਬਾਗ਼ –ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਅੱਜ ਮਹਾ ਸ਼ਿਵਰਾਤਰੀ ਮੌਕੇ ਝੰਡੇ ਤੇ ਲਾਊਡਸਪੀਕਰ ਲਗਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਝੜਪ ਵਿੱਚ ਕਈ ਜਣੇ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਧੜੇ ਨੇ ਦੂਸਰੇ ਧੜੇ ਦੇ ਮੈਂਬਰਾਂ ਨੂੰ ਇਚਾਕ ਥਾਣਾ ਖੇਤਰ ਅਧੀਨ ਆਉਂਦੇ ਡੁਮਰਾਓਂ ਪਿੰਡ ਵਿੱਚ ਇੱਕ ਸਕੂਲ ਸਾਹਮਣੇ ਧਾਰਮਿਕ ਝੰਡੇ ਅਤੇ ਲਾਊਡਸਪੀਕਰ ਲਗਾਉਣ ’ਤੇ ਇਤਰਾਜ਼ ਕੀਤਾ।
ਪੁਲੀਸ ਨੇ ਦੱਸਿਆ ਕਿ ਵਿਵਾਦ ਇੰਨਾ ਵਧ ਗਿਆ ਕਿ ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਈ ਦੁਪਹੀਆ ਵਾਹਨਾਂ ਨੂੰ ਵੀ ਅੱਗ ਲਾਈ ਗਈ। ਸੀਨੀਅਰ ਪੁਲੀਸ ਅਧਿਕਾਰੀ ਢੁਕਵੀਂ ਸੁਰੱਖਿਆ ਫੋਰਸ ਸਮੇਤ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਨੂੰ ਖਿੰਡਾਉਣ ਲਈ ਬਲ ਦਾ ਪ੍ਰਯੋਗ ਕੀਤਾ। ਪੁਲੀਸ ਨੇ ਕਿਹਾ ਕਿ ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਹੈ। ਪੁਲੀਸ ਨੇ ਕਿਹਾ ਕਿ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਲੋੜੀਂਦੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।