ਰਾਜਪਾਲ ਯਾਦਵ ਨੂੰ ਸੁਪਰੀਮ ਕੋਰਟ ਤੋਂ ਆਖਰੀ ਮੌਕਾ, 2 ਕਰੋੜ ਰੁਪਏ ਜਮ੍ਹਾ ਕਰਵਾਉਣ ਦੇ ਹੁਕਮ
ਨਵੀਂ ਦਿੱਲੀ: ਚੈੱਕ ਬਾਊਂਸ ਨਾਲ ਜੁੜੇ ਮਾਮਲਿਆਂ ਵਿੱਚ ਸੁਪਰੀਮ ਕੋਰਟ ਨੇ ਅਦਾਕਾਰ ਰਾਜਪਾਲ ਯਾਦਵ ਨੂੰ ਬਕਾਇਆ ਰਕਮ ਦੀ ਅਦਾਇਗੀ ਲਈ ਦੋ ਹਫ਼ਤਿਆਂ ਦਾ ਆਖਰੀ ਮੌਕਾ ਦਿੱਤਾ ਹੈ। ਅਦਾਲਤ ਨੇ ਉਨ੍ਹਾਂ ਨੂੰ ਆਪਣੀ ਰਜਿਸਟਰੀ ਵਿੱਚ 2 ਕਰੋੜ ਰੁਪਏ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਪਿਛਲੇ ਹੁਕਮਾਂ ਦੀ ਪਾਲਣਾ ਨਾ ਹੋਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਰਾਜਪਾਲ ਯਾਦਵ ਦੇ ਵਕੀਲ ਪੀ.ਐੱਸ. ਪਟਵਾਲੀਆ ਨੇ ਬਕਾਇਆ ਰਕਮ ਚੁਕਾਉਣ ਲਈ ਠੋਸ ਪ੍ਰਸਤਾਵ ਪੇਸ਼ ਕਰਨ ਵਾਸਤੇ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਅਤੇ 2 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਭਰੋਸਾ ਦਿੱਤਾ।
ਸੁਪਰੀਮ ਕੋਰਟ ਨੇ ਯਾਦਵ ਨੂੰ ਅਗਲੀ ਸੁਣਵਾਈ ਤੱਕ ਆਤਮ ਸਮਰਪਣ ਤੋਂ ਮਿਲੀ ਛੋਟ ਜਾਰੀ ਰੱਖੀ ਹੈ। ਅਦਾਲਤ ਨੇ ਪਾਸਪੋਰਟ ਸਰੰਡਰ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਵੇਗੀ।
ਇਹ ਮਾਮਲਾ ਮੁਰਲੀ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਸੱਤ ਚੈੱਕ ਬਾਊਂਸ ਕੇਸਾਂ ਨਾਲ ਸਬੰਧਤ ਹੈ। ਵਿਵਾਦ ਦੀ ਸ਼ੁਰੂਆਤ 2010 ਵਿੱਚ ਫ਼ਿਲਮ ਅਤਾ ਪਤਾ ਲਾਪਤਾ ਬਣਾਉਣ ਲਈ ਲਏ ਗਏ ਕਰੀਬ 5 ਕਰੋੜ ਰੁਪਏ ਦੇ ਕਰਜ਼ੇ ਤੋਂ ਹੋਈ ਸੀ। ਸ਼ਿਕਾਇਤਕਰਤਾ ਮੁਤਾਬਕ ਬਾਅਦ ਵਿੱਚ ਵਿਆਜ ਸਮੇਤ ਬਕਾਇਆ ਰਕਮ ਵਧਦੀ ਗਈ ਅਤੇ 2013 ਵਿੱਚ ਜਾਰੀ ਕੀਤੇ ਗਏ ਸੱਤ ਚੈੱਕ ਬਾਊਂਸ ਹੋ ਗਏ।
10 ਜੁਲਾਈ 2026 ਨੂੰ ਦਿੱਲੀ ਹਾਈ ਕੋਰਟ ਨੇ ਇਨ੍ਹਾਂ ਮਾਮਲਿਆਂ ਵਿੱਚ ਯਾਦਵ ਦੀ ਦੋਸ਼ਸਿੱਧੀ ਬਰਕਰਾਰ ਰੱਖਦਿਆਂ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਪਹੁੰਚਿਆ।
