ਯਮੁਨਾਨਗਰ ’ਚ 6 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ, ਦੋ ਮੁਲਜ਼ਮ ਗ੍ਰਿਫ਼ਤਾਰ
ਯਮੁਨਾਨਗਰ ਵਿੱਚ ਨਸ਼ਾ ਵਿਰੋਧੀ ਸੈੱਲ ਦੀ ਟੀਮ ਨੇ ਕਾਰਵਾਈ ਕਰਦਿਆਂ 6 ਹਜ਼ਾਰ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਪੁੱਛਗਿੱਛ ਦੇ ਆਧਾਰ ’ਤੇ ਗੋਲੀਆਂ ਸਪਲਾਈ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ।
ਡੀਐੱਸਪੀ ਰਜਤ ਗੁਲੀਆ ਮੁਤਾਬਕ, ਨਸ਼ਾ ਵਿਰੋਧੀ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਮੋਟਰਸਾਈਕਲ ’ਤੇ ਨਸ਼ੀਲੀਆਂ ਗੋਲੀਆਂ ਲੈ ਕੇ ਯਮੁਨਾਨਗਰ ਆ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਟੀਮ ਨੇ ਜਗਾਧਰੀ ਦੀ ਚੂਨਾ ਭੱਠੀ ਨੇੜੇ ਨਾਕਾਬੰਦੀ ਕੀਤੀ। ਇਸ ਦੌਰਾਨ ਛਛਰੋਲੀ ਵੱਲੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੇ ਪੁਲੀਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਕਾਬੂ ਕਰ ਲਿਆ ਗਿਆ।
ਡਿਊਟੀ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਤਲਾਸ਼ੀ ਲੈਣ ’ਤੇ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਈਆਂ। ਡਰੱਗ ਕੰਟਰੋਲਰ ਵੱਲੋਂ ਜਾਂਚ ਕਰਨ ’ਤੇ ਇਨ੍ਹਾਂ ਦੀ ਗਿਣਤੀ 6 ਹਜ਼ਾਰ ਗੋਲੀਆਂ ਪਾਈ ਗਈ। ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਆਜ਼ਾਦ ਨਗਰ ਵਾਸੀ ਨੀਰਜ ਗੁਪਤਾ ਵਜੋਂ ਹੋਈ ਹੈ।
ਪੁੱਛਗਿੱਛ ਦੌਰਾਨ ਨੀਰਜ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਇਹ ਗੋਲੀਆਂ ਰਾਮਪੁਰ ਖਾਦਰ ਵਾਸੀ ਸ਼ੈਲੇਂਦਰ ਤੋਂ ਲਈਆਂ ਸਨ। ਇਸ ਤੋਂ ਬਾਅਦ ਪੁਲੀਸ ਨੇ ਸ਼ੈਲੇਂਦਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਸ਼ੈਲੇਂਦਰ ਨੇ ਨੱਥਨਪੁਰ ਪਿੰਡ ਦੇ ਬੱਸ ਸਟੈਂਡ ’ਤੇ ਇੱਕ ਹਸਪਤਾਲ ਖੋਲ੍ਹਿਆ ਹੋਇਆ ਸੀ, ਜੋ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
