featuredSports

ਅਰਜਨਟੀਨਾ ਨੇ ਪੈਨਲਟੀ ਸ਼ੂਟਆਊਟ ’ਚ ਨੀਦਰਲੈਂਡਜ਼ ਨੂੰ ਹਰਾਇਆ, ਤੀਜੀ ਵਾਰ ਵਿਸ਼ਵ ਕੱਪ ’ਤੇ ਕਬਜ਼ਾ

ਅਰਜਨਟੀਨਾ ਨੇ ਸ਼ਨਿਚਰਵਾਰ ਨੂੰ ਰੋਮਾਂਚਕ ਮੁਕਾਬਲੇ ਵਿੱਚ ਨੀਦਰਲੈਂਡਜ਼ ਨੂੰ ਪੈਨਲਟੀ ਸ਼ੂਟਆਊਟ ਵਿੱਚ 3-1 ਨਾਲ ਹਰਾ ਕੇ ਮਹਿਲਾ ਹਾਕੀ ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ। ਇਸ ਜਿੱਤ ਨਾਲ ਅਰਜਨਟੀਨਾ ਨੇ ਤੀਜੀ ਵਾਰ ਵਿਸ਼ਵ ਕੱਪ ਟਰਾਫੀ ਆਪਣੇ ਨਾਂ ਕੀਤੀ, ਜਦਕਿ ਨੀਦਰਲੈਂਡਜ਼ ਦਾ ਲਗਾਤਾਰ ਚੌਥਾ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ।

ਮੈਚ ਵਿੱਚ ਨੀਦਰਲੈਂਡਜ਼ ਨੇ 30ਵੇਂ ਮਿੰਟ ਵਿੱਚ ਯਿਬਬੀ ਯਾਨਸੇਨ ਦੇ ਪੈਨਲਟੀ ਕਾਰਨਰ ’ਤੇ ਕੀਤੇ ਗੋਲ ਨਾਲ ਬੜ੍ਹਤ ਬਣਾਈ। ਅਰਜਨਟੀਨਾ ਨੇ ਦੂਜੇ ਹਾਫ਼ ਵਿੱਚ ਲਗਾਤਾਰ ਹਮਲੇ ਕੀਤੇ ਅਤੇ 54ਵੇਂ ਮਿੰਟ ਵਿੱਚ ਕਪਤਾਨ ਮਾਰੀਆ ਗ੍ਰਾਨਾਟੋ ਨੇ ਰੀਬਾਉਂਡ ’ਤੇ ਗੋਲ ਕਰਕੇ ਸਕੋਰ 1-1 ਕਰ ਦਿੱਤਾ।

ਨਿਰਧਾਰਤ ਸਮੇਂ ਤੱਕ ਸਕੋਰ ਬਰਾਬਰ ਰਹਿਣ ਤੋਂ ਬਾਅਦ ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ। ਅਰਜਨਟੀਨਾ ਲਈ ਵਿਕਟੋਰੀਆ ਗਰਾਨਾਟੋ, ਬ੍ਰਿਸਾ ਬ੍ਰਗੇਸਰ ਅਤੇ ਸੋਫੀਆ ਕਾਈਰੋ ਨੇ ਗੋਲ ਕੀਤੇ। ਨੀਦਰਲੈਂਡਜ਼ ਵੱਲੋਂ ਸਿਰਫ਼ ਮਾਰਿਨ ਗੋਲ ਕਰ ਸਕੀ, ਜਦਕਿ ਬਾਕੀ ਤਿੰਨ ਕੋਸ਼ਿਸ਼ਾਂ ਨਾਕਾਮ ਰਹੀਆਂ।

ਇਸ ਜਿੱਤ ਨਾਲ ਅਰਜਨਟੀਨਾ ਨੇ ਪਿਛਲੇ ਵਿਸ਼ਵ ਕੱਪ ਵਿੱਚ ਨੀਦਰਲੈਂਡਜ਼ ਹੱਥੋਂ ਮਿਲੀ 3-1 ਦੀ ਹਾਰ ਦਾ ਬਦਲਾ ਵੀ ਲੈ ਲਿਆ। ਦੋਵੇਂ ਟੀਮਾਂ ਵਿਚਾਲੇ ਮੁਕਾਬਲਾ ਸ਼ੁਰੂ ਤੋਂ ਹੀ ਕਾਫ਼ੀ ਟੱਕਰ ਵਾਲਾ ਰਿਹਾ ਅਤੇ ਅਰਜਨਟੀਨਾ ਨੇ ਪੈਨਲਟੀ ਕਾਰਨਰਾਂ ਰਾਹੀਂ ਕਈ ਮੌਕੇ ਬਣਾਏ।

ਨੀਦਰਲੈਂਡਜ਼, ਜੋ ਇਸ ਤੋਂ ਪਹਿਲਾਂ ਨੌਂ ਵਾਰ ਵਿਸ਼ਵ ਚੈਂਪੀਅਨ ਬਣ ਚੁੱਕਾ ਹੈ, 10ਵੇਂ ਖਿਤਾਬ ਤੋਂ ਖੁੰਝ ਗਿਆ।