featuredPoliticsPunjab

ਕਿਸਾਨਾਂ ਦੇ ‘ਰੇਲ ਰੋਕੋ’ ਅੰਦੋਲਨ ਦਾ ਵੱਡਾ ਅਸਰ, ਕਈ ਰੇਲਗੱਡੀਆਂ ਪ੍ਰਭਾਵਿਤ, ਯਾਤਰੀ ਹੋਏ ਖੱਜਲ-ਖੁਆਰ

ਅੰਮ੍ਰਿਤਸਰ: ਕਿਸਾਨ ਮਜ਼ਦੂਰ ਮੋਰਚਾ ਪੰਜਾਬ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਵੀਰਵਾਰ ਨੂੰ ਪੰਜਾਬ ਭਰ ਵਿੱਚ ਕੀਤੇ ਗਏ ‘ਰੇਲ ਰੋਕੋ’ ਅੰਦੋਲਨ ਦਾ ਰੇਲ ਆਵਾਜਾਈ ’ਤੇ ਵਿਆਪਕ ਅਸਰ ਦੇਖਣ ਨੂੰ ਮਿਲਿਆ। ਕਿਸਾਨਾਂ ਵੱਲੋਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨੇੜੇ ਦੇਵੀਦਾਸਪੁਰਾ ਵਿਖੇ ਰੇਲਵੇ ਪਟੜੀ ’ਤੇ ਧਰਨਾ ਲਗਾਉਣ ਕਾਰਨ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਪ੍ਰਭਾਵਿਤ ਰਿਹਾ। ਇਸ ਦੇ ਚਲਦਿਆਂ ਕਈ ਰੇਲਗੱਡੀਆਂ ਨੂੰ ਰੱਦ ਕਰਨ ਦੇ ਨਾਲ-ਨਾਲ ਕੁਝ ਟਰੇਨਾਂ ਦੇ ਰੂਟ ਵੀ ਬਦਲਣੇ ਪਏ।

ਰੇਲ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਯਾਤਰੀਆਂ ਨੂੰ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਣ ਲਈ ਲੰਬਾ ਇੰਤਜ਼ਾਰ ਕਰਨਾ ਪਿਆ।

ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਦੁਪਹਿਰ 3:10 ਵਜੇ ਦਿੱਲੀ ਲਈ ਰਵਾਨਾ ਹੋਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ ਦਿੱਲੀ ਤੋਂ ਵਾਪਸ ਅੰਮ੍ਰਿਤਸਰ ਨਹੀਂ ਪਹੁੰਚ ਸਕੀ, ਜਿਸ ਕਾਰਨ ਅੰਮ੍ਰਿਤਸਰ ਤੋਂ ਇਸ ਦੀ ਅਗਲੀ ਯਾਤਰਾ ਵੀ ਰੱਦ ਕਰਨੀ ਪਈ।

ਇਸ ਤੋਂ ਇਲਾਵਾ ਅੰਮ੍ਰਿਤਸਰ ਆਉਣ ਵਾਲੀ ਸ਼ਤਾਬਦੀ ਐਕਸਪ੍ਰੈਸ ਵੀ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਪ੍ਰਭਾਵਿਤ ਹੋਈ। ਟਰੇਨ ਦੇ ਅੰਮ੍ਰਿਤਸਰ ਪਹੁੰਚਣ ਦਾ ਨਿਰਧਾਰਤ ਸਮਾਂ ਲਗਭਗ ਡੇਢ ਵਜੇ ਦਾ ਸੀ, ਪਰ ਰੇਲਵੇ ਟਰੈਕ ’ਤੇ ਧਰਨਾ ਹੋਣ ਕਾਰਨ ਇਸ ਨੂੰ ਬਿਆਸ ਰੇਲਵੇ ਸਟੇਸ਼ਨ ’ਤੇ ਰੋਕਣਾ ਪਿਆ।

ਰੇਲ ਮਾਰਗ ’ਤੇ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਕੁਝ ਹੋਰ ਰੇਲਗੱਡੀਆਂ ਨੂੰ ਪ੍ਰਭਾਵਿਤ ਰੂਟ ਤੋਂ ਹਟਾ ਕੇ ਤਰਨ ਤਾਰਨ ਵਾਲੇ ਰਸਤੇ ਰਾਹੀਂ ਚਲਾਇਆ ਗਿਆ। ਅਚਾਨਕ ਬਦਲੇ ਰੂਟ ਅਤੇ ਟਰੇਨਾਂ ਦੇ ਰੱਦ ਹੋਣ ਕਾਰਨ ਯਾਤਰੀਆਂ ਨੂੰ ਆਪਣੀ ਯਾਤਰਾ ਸਬੰਧੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।