ਐੱਸਵਾਈਐੱਲ ਦਾ ਹੱਲ ਲੱਭਣ ਲਈ ਕੇਂਦਰ ਦੀ ਅਗਵਾਈ ’ਚ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਅੱਜ ਫਿਰ ਕਰਨਗੇ ਮੰਥਨ
ਚੰਡੀਗੜ੍ਹ – ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਨੂੰ ਲੈ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਦੀ ਪ੍ਰਧਾਨਗੀ ਵਿਚ ਮੰਗਲਵਾਰ ਨੂੰ ਨਵੀਂ ਦਿੱਲੀ ਵਿਚ ਦੁਪਹਿਰ ਬਾਅਦ ਚਾਰ ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੰਥਨ ਕਰਨਗੇ। ਇਕ ਮਹੀਨੇ ਦੇ ਅੰਦਰ ਦੂਜੀ ਵਾਰ ਹੋਣ ਵਾਲੀ ਇਸ ਮੀਟਿੰਗ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਉਂਕਿ ਐੱਸਵਾਈਐੱਲ ਨੂੰ ਲੈ ਕੇ ਸੁਪਰੀਮ ਕੋਰਟ ਵਿਚ 13 ਅਗਸਤ ਨੂੰ ਸੁਣਵਾਈ ਹੋਣੀ ਹੈ। ਸੁਪਰੀਮ ਕੋਰਟ ਪਹਿਲਾਂ ਹੀ ਇਸ ਮਾਮਲੇ ਨੂੰ ਲੈ ਕੇ ਸਖ਼ਤ ਹੈ।
ਜ਼ਿਕਰਯੋਗ ਹੈ ਕਿ 9 ਜੁਲਾਈ ਨੂੰ ਹੋਈ ਮੀਟਿੰਗ ਦੌਰਾਨ ਭਗਵੰਤ ਮਾਨ ਨੇ ਪਾਕਿਸਤਾਨ ਨਾਲ ਜਲ ਸਮਝੌਤਾ ਟੁੱਟਣ ਤੋਂ ਬਾਅਦ ਸਿੰਧੂ ਨਦੀ ਤੋਂ ਪਾਣੀ ਮੰਗਣ ਦੇ ਨਾਲ-ਨਾਲ ਐੱਸਵਾਈਐੱਲ ਦੀ ਬਜਾਏ ਯਮੁਨਾ ਸਤਲੁਜ ਲਿੰਕ ਨਹਿਰ ਦਾ ਮਤਾ ਰੱਖਿਆ ਸੀ। ਹਾਲਾਂਕਿ ਚੰਗੇ ਮਾਹੌਲ ਵਿਚ ਹੋਈ ਇਸ ਮੀਟਿੰਗ ਵਿਚ ਕੋਈ ਫ਼ੈਸਲਾ ਨਹੀਂ ਹੋ ਸਕਿਆ ਸੀ। ਭਰੋਸੇਯੋਗ ਵਸੀਲਿਆਂ ਮੁਤਾਬਕ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਵਿਚ ਪੰਜਾਬ ਦੇ ਸਟੈਂਡ ਵਿਚ ਕੋਈ ਬਦਲਾਅ ਨਹੀਂ ਆਉਣ ਵਾਲਾ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਵਿਚ ਹਿੱਸਾ ਲੈਣਗੇ। ਹਾਲਾਂਕਿ ਚਿੰਤਾਜਨਕ ਗੱਲ ਇਹ ਹੈ ਕਿ ਐੱਸਵਾਈਐੱਲ ਨੂੰ ਲੈ ਕੇ ਸੁਪਰੀਮ ਕੋਰਟ ਹਰਿਆਣਾ ਦੇ ਪੱਖ ਵਿਚ ਫ਼ੈਸਲਾ ਸੁਣਾ ਚੁੱਕਾ ਹੈ ਅਤੇ ਅਗਲੀ ਸੁਣਵਾਈ 13 ਅਗਸਤ ਨੂੰ ਹੋਣੀ ਹੈ।
