Punjab

ਜ਼ਿਲ੍ਹਾ ਅਦਾਲਤਾਂ ’ਚ ਗਰੁੱਪ-ਡੀ ’ਤੇ ਸਿੱਧੀ ਭਰਤੀ ’ਤੇ ਅਗਲੇ ਹੁਕਮਾਂ ਤੱਕ ਰੋਕ

ਚੰਡੀਗੜ੍ਹ-ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀਆਂ ਜ਼ਿਲ੍ਹਾ ਅਦਾਲਤਾਂ ਵਿਚ ਗਰੁੱਪ-ਡੀ ਦੀ ਪੋਸਟਾਂ ’ਤੇ ਸਿੱਧੀ ਭਰਤੀ ’ਤੇ ਰੋਕ ਲਗਾ ਦਿੱਤੀ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਚੀਫ ਜਸਟਿਸ ਨੇ ਤੁਹਾਨੂੰ ਅਗਲੇ ਹੁਕਮਾਂ ਤੱਕ ਗਰੁੱਪ-ਡੀ ਦੇ ਅਹੁਦਿਆਂ ’ਤੇ ਸਿੱਧੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਨਾ ਕਰਨ ਦਾ ਹੁਕਮ ਦਿੱਤਾ ਹੈ।ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।

ਧਿਆਨ ਰਹੇ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚੱਲਦੇ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਿਚ 34 ਪੋਸਟਾਂ ’ਤੇ ਹੋਣ ਵਾਲੀ ਚਪੜਾਸੀ ਭਰਤੀ ਪ੍ਰਕਿਰਿਆ ਬੀਤੇ ਦਿਨੀਂ ਰੱਦ ਕਰ ਦਿੱਤੀ ਗਈ ਸੀ। ਹਾਈ ਕੋਰਟ ਨੂੰ ਇਸ ਭਰਤੀ ਪ੍ਰਕਿਰਿਆ ਵਿਚ ਭ੍ਰਿਸ਼ਟਾਚਾਰ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟਾਲਰੈਂਸ ਅਪਣਾਉਂਦੇ ਹੋਏ ਚੀਫ ਜਸਟਿਸ ਨੇ ਮੋਹਾਲੀ ਦੇ ਜ਼ਿਲ੍ਹਾ ਸੈਸ਼ਨ ਜੱਜ ਨੂੰ ਫੌਰਨ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ।

ਨਿਰਦੇਸ਼ ਮਿਲਣ ਤੋਂ ਬਾਅਦ ਫੌਰਨ ਕਾਰਵਾਈ ਕਰਦੇ ਹੋਏ ਭਰਤੀ ਨੂੰ ਲੈ ਕੇ ਹੁਨਰ ਮੁਲਾਂਕਣ ਪ੍ਰੀਖਿਆ, ਇੰਟਰਵਿਊ ਰੱਦ ਕਰ ਦਿੱਤੀ ਗਈ ਹੈ। 34 ਪੋਸਟਾਂ ਲਈ 11,000 ਤੋਂ ਵੱਧ ਨੌਜਵਾਨਾਂ ਨੇ ਬਿਨੈ ਕੀਤਾ ਸੀ, ਜਿਨ੍ਹਾਂ ਵਿਚੋਂ ਲਗਪਗ 10,528 ਨੌਜਵਾਨਾਂ ਨੇ ਹੁਨਰ ਮੁਲਾਂਕਣ ਪ੍ਰੀਖਿਆ, ਇੰਟਰਵਿਊ ਲਈ ਕੁਆਲੀਫਾਈ ਕੀਤਾ ਸੀ ਜਦਕਿ 868 ਨੌਜਵਾਨਾਂ ਦੇ ਬਿਨੈ ਪੱਤਰ ਕਿਸੇ ਨਾ ਕਿਸੇ ਗ਼ਲਤੀ ਕਾਰਨ ਰੱਦ ਹੋ ਗਏ।