Punjab

ਹੁਕਮਰਾਨ ਧਿਰ ਨੇ ਬਿੱਲ ਪਾਸ ਕਰਵਾਉਣ ਲਈ ਵਿਰੋਧੀ ਧਿਰ ਦਾ ਲਿਆ ਸਹਿਯੋਗ

ਚੰਡੀਗੜ੍ਹ-ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਜਿੱਥੇ ਨਿੱਜੀ ਰੰਜਿਸ਼ ਅਤੇ ਤੋਹਮਤਬਾਜ਼ੀ ਭਾਰੀ ਰਹੀ, ਉਥੇ ਹੁਕਮਰਾਨ ਧਿਰ ਨੇ ਨਸ਼ਿਆਂ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮੁੱਦੇ ‘ਤੇ ਵਿਰੋਧੀ ਧਿਰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਖੂਬ ਰਗੜੇ ਲਾਏ ਹਨ। ਨਿਯਮਾਂ ਅਨੁਸਾਰ ਅਕਾਲੀ ਦਲ ਦੇ ਵਿਧਾਨ ਸਭਾ ਵਿਚ ਤਿੰਨ ਮੈਂਬਰ ਹਨ, ਪਰ ਬੰਗਾ ਤੋਂ ਵਿਧਾਇਕ ਡਾ ਸੁਖਵਿੰਦਰ ਸੁੱਖੀ ਆਪ ਵਿਚ ਸ਼ਾਮਲ ਹੋ ਚੁੱਕੇ ਹਨ, ਜਦਕਿ ਮਨਪ੍ਰੀਤ ਸਿੰਘ ਇਯਾਲੀ ਪਹਿਲਾਂ ਹੀ ਅਲੱਗ ਚੱਲ ਰਹੇ ਹਨ, ਇਸੇ ਤਰਾਂ ਗੁਨੀਵ ਮਜੀਠੀਆ ਨੇ ਸਦਨ ਵਿਚ ਹਾਜ਼ਰੀ ਨਹੀਂ ਭਰੀ। ਕਾਂਗਰਸ ਵਿਚ ਧੜੇਬੰਦੀ ਵੀ ਸਪਸ਼ਟ ਦਿਖਾਈ ਦਿੱਤੀ। ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਵਿਚ ਜ਼ਿਆਦਾਤਰ ਵਿਧਾਇਕ ਚੁੱਪ ਹੀ ਰਹੇ। ਜਦਕਿ ਪ੍ਰਗਟ ਸਿੰਘ ਨੇ ਬੇਅਦਬੀ ਮਾਮਲਿਆਂ ਵਿਚ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਕਾਂਗਰਸ ਦੇ ਦੋ ਧੜਿਆਂ ਵਿਚ ਵੰਡੀ ਹੋਣ ਦੀ ਗੱਲ ਕਰਕੇ ਕਾਂਗਰਸ ਦਾ ਅੰਦਰੂਨੀ ਭੇਤ ਖੋਲ੍ਹ ਦਿੱਤਾ।

ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲੇ ਵਿਚ ਸਦਨ ਨੇ ਬਿੱਲ ਸਿਲੈਕਟ ਕਮੇਟੀ ਨੂੰ ਸੌਂਪ ਦਿੱਤਾ ਹੈ। ਸਿਲੈਕਟ ਕਮੇਟੀ ਨੇ ਆਪਣੀ ਰਿਪੋਰਟ ਛੇ ਮਹੀਨਿਆਂ ਦੇ ਅੰਦਰ ਅੰਦਰ ਦੇਣੀ ਹੈ। ਸਪਸ਼ਟ ਹੈ ਕਿ ਇਸ ਬਿਲ ਤੇ ਸਦਨ ਵਿਚ ਦੁਬਾਰਾ ਚਰਚਾ ਹੋਵੇਗੀ। ਸਵਾਲ ਇਹ ਹੈ ਕਿ ਇਸ ਬਿੱਲ ਦਾ ਭਵਿੱਖ ਕੀ ਹੋਵੇਗਾ? ਕੀ ਇਸਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਵੀ ਭੇਜਿਆ ਜਾਵੇਗਾ

ਸੱਤਾਧਾਰੀ ਪਾਰਟੀ ਦੀ ਪੂਰੀ ਕੋਸ਼ਿਸ਼ ਇਨ੍ਹਾਂ ਮੁੱਦਿਆਂ ‘ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ‘ਤੇ ਧੱਕਣ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਵਿਚ ਨਫ਼ਰਤ ਬਣਾਈ ਰੱਖਣ ਦੀ ਸੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮਾਮਲਿਆਂ ਦੇ ਵੇਰਵੇ ਦੇ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ‘ਆਪ’ ਸਰਕਾਰ ਨੇ ਜਾਣਬੁੱਝ ਕੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਇਨ੍ਹਾਂ ਮਾਮਲਿਆਂ ਤੋਂ ਹਟਾ ਦਿੱਤਾ ਹੈ। ਉਨ੍ਹਾਂ ਨੇ ‘ਆਪ’ ਦੇ ਵਿਧਾਇਕ ਅਤੇ ਸਾਬਕਾ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ, ਜੋ ਬੇਅਦਬੀ ਮਾਮਲਿਆਂ ਦੀ ਜਾਂਚ ਵੀ ਕਰ ਰਹੇ ਸਨ, ਨੂੰ ਮੁਅੱਤਲ ਕਰਨ ਅਤੇ ਪਿਛਲੇ ਸਮੇਂ ਦੌਰਾਨ ਬੇਅਦਬੀ ਦੇ ਮੁੱਦੇ ਉਤੇ ਸਮਾਂ ਨਾ ਦੇਣ ਦਾ ਮੁੱਦਾ ਉਠਾ ਕੇ ਸੱਤਾਧਾਰੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਰੇਕ ਐਫਆਈਆਰ ਦੀ ਸਥਿਤੀ ਦੱਸੀ ਅਤੇ ਸਾਬਤ ਕੀਤਾ ਕਿ ‘ਆਪ’ ਸਰਕਾਰ ਦੌਰਾਨ ਬਣਾਈ ਗਈ ਐਸਆਈਟੀ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਬੇਅਦਬੀ ਅਤੇ ਕੋਟਕਪੂਰਾ ਗੋਲੀਬਾਰੀ ਮਾਮਲੇ ਵਿਚ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ, ਤਾਂ ਬਾਜਵਾ ਦੇ ਸਾਰੇ ਦਾਅਵੇ ਠੁੱਸ ਹੋ ਗਏ।

ਵਿੱਤ ਮੰਤਰੀ ਹਰਪਾਲ ਚੀਮਾ ਨੇ 1986 ਵਿਚ ਨਕੋਦਰ ਦੇ ਗੁਰਦੁਆਰਾ ਅਰਜੁਨ ਦੇਵ ਵਿੱਚ ਹੋਈ ਬੇਅਦਬੀ ਦੇ ਮਾਮਲੇ ਵਿਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਬਣਾਏ ਗਏ ਜਾਂਚ ਕਮਿਸ਼ਨ ਦੀ ਕਾਰਵਾਈ ਰਿਪੋਰਟ ਰਹੱਸਮਈ ਢੰਗ ਨਾਲ ਗਾਇਬ ਹੋ ਗਈ ਹੈ। ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਉਸ ਸਮੇਂ ਦੀ ਸਰਕਾਰ ਵਿਚ ਸਿੱਖਿਆ ਮੰਤਰੀ ਸਨ ਅਤੇ ਇਹ ਉਨ੍ਹਾਂ ਦੇ ਹਲਕੇ ਵਿਚ ਬੇਅਦਬੀ ਦਾ ਮਾਮਲਾ ਸੀ ਜਿਸ ਵਿੱਚ ਉਨ੍ਹਾਂ ਦੇ ਆਪਣੇ ਪਿੰਡ ਦਾ ਇੱਕ ਵਿਅਕਤੀ ਵੀ ਸ਼ਾਮਲ ਸੀ।

ਇਸੇ ਤਰ੍ਹਾਂ ਕਾਂਗਰਸ ਨਸ਼ੇ ਦੇ ਮਾਮਲਿਆਂ ਵਿਚ ਸੱਤਾਧਾਰੀ ਪਾਰਟੀ ਨੂੰ ਘੇਰ ਨਹੀਂ ਸਕੀ, ਪਰ ਹਰਪਾਲ ਚੀਮਾ ਅਤੇ ਅਮਨ ਅਰੋੜਾ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਵਿਰੁੱਧ ਕਾਰਵਾਈ ਦੌਰਾਨ ਇੰਟਰਨੈੱਟ ਮੀਡੀਆ ‘ਤੇ ਦਿੱਤੇ ਬਿਆਨ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਪੂਰੀ ਤਰ੍ਹਾਂ ਘੇਰ ਲਿਆ। ਬਹਿਸ ਦੌਰਾਨ ਚੀਮਾ ਅਤੇ ਖਹਿਰਾ ਵਿਚਕਾਰ ਗਰਮਾ-ਗਰਮ ਸ਼ਬਦਾਂ ਦਾ ਆਦਾਨ-ਪ੍ਰਦਾਨ ਹੋਇਆ ਅਤੇ ਨਿੱਜੀ ਦੋਸ਼ ਲਗਾਏ ਗਏ। ‘ਆਪ’ ਵਿਧਾਇਕ ਗਿਆਸਪੁਰਾ ਅਤੇ ਜੂਨੀਅਰ ਹੈਨਰੀ ਵਿਚਕਾਰ ਬਦਸਲੂਕੀ ਦੀ ਸਥਿਤੀ ਬਣ ਗਈ। ਪਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਦਾਰਤਾ ਦਿਖਾਈ ਅਤੇ ਆਪਣੇ ਵਿਧਾਇਕ ਵੱਲੋਂ ਸਦਨ ਤੋਂ ਮੁਆਫ਼ੀ ਮੰਗੀ।

‘ਆਪ’ ਸਰਕਾਰ ਨੇ ਬੇਅਦਬੀ ਦੇ ਮੁੱਦੇ ਨੂੰ ਗਰਮ ਵਿਸ਼ਾ ਬਣਾਇਆ ਹੈ, ਉਸ ਨਾਲ ਇਸ ਸੀਟ ‘ਤੇ ਅਕਾਲੀ ਦਲ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਬੇਅਦਬੀ ਨੂੰ ਮੁੱਦਾ ਬਣਾਉਣ ਦੇ ਨਾਲ-ਨਾਲ, ਆਮ ਆਦਮੀ ਪਾਰਟੀ ਨੇ ਤਰਨ ਤਾਰਨ ਦੇ ਆਪਣੇ ਸੀਨੀਅਰ ਆਗੂ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਤੋਂ ਪਹਿਲਾਂ ਮਾਝੇ ਵਿੱਚ ਹੀ, ਉਨ੍ਹਾਂ ਨੇ ਬਿਕਰਮ ਮਜੀਠੀਆ ਦੇ ਨਜ਼ਦੀਕੀ ਸਾਥੀ ਤਲਬੀਰ ਸਿੰਘ ਗਿੱਲ ਨੂੰ ਮਜੀਠਾ ਹਲਕੇ ਦਾ ਇੰਚਾਰਜ ਬਣਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਨਾਲ ਵਿਧਾਨ ਸਭਾ ਉਪ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਜ਼ਰੂਰ ਵਧਣਗੀਆਂ।