Punjab

ਗੁਜਰਾਤ ਸਰਕਾਰ ਤੇ ਸਮਾਜਿਕ ਸੰਗਠਨਾਂ ਨੇ ਵਿਸ਼ੇਸ਼ ਰੇਲ ਰਾਹੀਂ ਭੇਜੀ ਰਾਹਤ ਸਮੱਗਰੀ

ਫਿਰੋਜ਼ਪੁਰ- ਪੰਜਾਬ ’ਚ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਗੁਜਰਾਤ ਸਰਕਾਰ ਤੇ ਵੱਖ-ਵੱਖ ਸਮਾਜਿਕ ਸੰਗਠਨਾਂ ਨੇ ਸਾਂਝੇ ਤੌਰ ’ਤੇ ਰਾਹਤ ਸਮੱਗਰੀ ਭੇਜੀ ਹੈ। ਇਕ ਵਿਸ਼ੇਸ਼ ਰੇਲਗੱਡੀ ਬੀਤੀ ਸ਼ਾਮ ਨੂੰ 22 ਵੈਗਨ ਰਾਹਤ ਸਮੱਗਰੀ ਲੈ ਕੇ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਪਹੁੰਚੀ। ਇਸ ਰਾਹਤ ਸਮੱਗਰੀ ’ਚ ਰੋਜ਼ਾਨਾ ਜੀਵਨ ਲਈ ਜ਼ਰੂਰੀ ਵਸਤਾਂ ਜਿਵੇਂ ਕਿ ਆਟਾ, ਦਾਲਾਂ, ਚੀਨੀ, ਰਿਫਾਇੰਡ ਤੇਲ, ਦਵਾਈਆਂ ਅਤੇ ਘਰੇਲੂ ਸਮੱਗਰੀ ਤੋਂ ਇਲਾਵਾ ਆਲੂ ਤੇ ਪਿਆਜ਼ ਵਰਗੀਆਂ ਸਬਜ਼ੀਆਂ ਵੀ ਸ਼ਾਮਲ ਸਨ। ਇਸ ਸਮੱਗਰੀ ਦਾ ਉਦੇਸ਼ ਹੜ੍ਹਾਂ ਕਾਰਨ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਲੋਕਾਂ ਦੀ ਤੁਰੰਤ ਮਦਦ ਕਰਨਾ ਹੈ। ਰੇਲਗੱਡੀ ਵਿਚੋਂ 10 ਵੈਗਨਾਂ ਦੀ ਸਮੱਗਰੀ ਫਿਰੋਜ਼ਪੁਰ ਸਿਟੀ ਰੇਲਵੇ ਸਟੇਸ਼ਨ ’ਤੇ ਉਤਾਰੀ ਗਈ, ਜਦਕਿ ਬਾਕੀ 12 ਵੈਗਨਾਂ ਨੂੰ ਸੁਰਾਨੱਸੀ ਰੇਲਵੇ ਸਟੇਸ਼ਨ ’ਤੇ ਪਹੁੰਚਾਇਆ ਗਿਆ। ਇਸ ਰਾਹਤ ਸਮੱਗਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਤੁਰੰਤ ਪ੍ਰਭਾਵਿਤ ਇਲਾਕਿਆਂ ’ਚ ਵੰਡਿਆ ਜਾਵੇਗਾ ਤਾਂ ਜੋ ਲੋੜਵੰਦਾਂ ਤੱਕ ਇਹ ਸਮੇਂ ਸਿਰ ਪਹੁੰਚ ਸਕੇ। ਰੇਲਵੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੱਗਰੀ ਨੂੰ ਸੁਰੱਖਿਅਤ ਢੰਗ ਨਾਲ ਪਹੁੰਚਾਉਣ ਤੇ ਵੰਡਣ ਲਈ ਪੂਰੇ ਪ੍ਰਬੰਧ ਕੀਤੇ ਹਨ। ਇਸ ਕਾਰਜ ’ਚ ਰੇਲਵੇ ਸਟਾਫ, ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਤੇ ਸਮਾਜਿਕ ਕਾਰਕੁੰਨ ਸਰਗਰਮੀ ਨਾਲ ਕੰਮ ਕਰ ਰਹੇ ਹਨ। ਗੁਜਰਾਤ ਸਰਕਾਰ ਤੇ ਸੰਗਠਨਾਂ ਦੀ ਇਹ ਪਹਿਲ ਹੈ ਕਿ ਸੰਕਟ ਦੀ ਘੜੀ ’ਚ ਪੂਰਾ ਦੇਸ਼ ਇਕਜੁੱਟ ਹੋ ਕੇ ਖੜ੍ਹਾ ਹੈ।