Global

ਮੁੱਢਲੇ ਟੈਰਿਫ ਤੋਂ ਬਿਨਾਂ ਅਮਰੀਕਾ ਨਾਲ ਵਪਾਰਕ ਸਮਝੌਤਾ ਸੰਭਵ ਨਹੀਂ – ਮਾਰਕ ਕਾਰਨੀ

ਟੋਰਾਂਟੋ : ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਅਸਿੱਧੇ ਤੌਰ ‘ਤੇ ਇਸ ਗੱਲ ਨੂੰ ਸਵੀਕਾਰ ਕਰਦਿਆਂ ਕਿਹਾ ਹੈ ਕਿ ਅਮਰੀਕਾ ਨਾਲ ਵਪਾਰਕ ਸਮਝੌਤਾ ਕੁਝ ਮੁੱਢਲੇ ਟੈਰਿਫ ਨਾਲ ਹੀ ਸਿਰੇ ਚੜ੍ਹ ਸਕੇਗਾ।

ਅੱਜ ਕੈਬਨਿਟ ਨਾਲ ਮੀਟਿੰਗ ਤੋਂ ਪਹਿਲਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਟੈਰਿਫ ‘ਤੇ ਬੇਹੱਦ ਕੇਂਦਰਿਤ ਹਨ, ਇਸ ਲਈ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਆਉਣ ਵਾਲੀ ਗੱਲਬਾਤ ‘ਚ ਟੈਰਿਫ ਤੋਂ ਬਿਨਾਂ ਸਮਝੌਤਾ ਸਿਰੇ ਚੜ੍ਹ ਸਕੇ ।

ਉਨ੍ਹਾਂ ਨੇ ਇਸ ਗੱਲ ਦਾ ਹਵਾਲਾ ਵੀ ਦਿੱਤਾ ਕਿ ਕੁਝ ਦੇਸ਼ਾਂ ਵੱਲੋਂ ਕੁਝ ਮੁੱਢਲੇ ਟੈਰਿਫ ਨੂੰ ਸ਼ਾਮਲ ਕਰਕੇ ਹੀ ਅਮਰੀਕਾ ਨਾਲ ਸਮਝੌਤਾ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਬਰਤਾਨੀਆਂ ਨੇ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਨਾਲ 10 ਫ਼ੀਸਦੀ ਮੁੱਲੇ ਟੈਰਿਫ ਨੂੰ ਸਵੀਕਾਰ ਕਰਕੇ ਸਮਝੌਤਾ ਕੀਤਾ ਹੈ ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਇਸ ਬਿਆਨ ਨੂੰ ਲੈ ਕੇ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਦੀ ਸਿਆਸੀ ਘੇਰਾਬੰਦੀ ਕੀਤੇ ਜਾਣ ਦੀ ਸੰਭਾਵਨਾ ਹੈ। ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਨੇ ਹਾਲ ਵਿੱਚ ਕਿਹਾ ਸੀ ਕਿ ਲਿਬਰਲ ਸਰਕਾਰ ਨੂੰ ਅਮਰੀਕਾ ਨਾਲ ਸਮਝੌਤਾ ਕਰਨ ‘ਚ ਕਾਹਲੀ ਨਹੀਂ ਕਰਨੀ ਚਾਹੀਦੀ ਤੇ ਬਿਨਾਂ ਕਿਸੇ ਦਬਾਅ ਤੋਂ ਵਪਾਰਕ ਸਮਝੌਤੇ ਲਈ ਗੱਲਬਾਤ ਕਰਨੀ ਚਾਹੀਦੀ ਹੈ।