ਸਿਨਰ ਨੇ ਪਹਿਲਾ ਵਿੰਬਲਡਨ ਖ਼ਿਤਾਬ ਜਿੱਤਿਆ
ਲੰਡਨ-ਸਿਖਰਲਾ ਦਰਜਾ ਪ੍ਰਾਪਤ ਖਿਡਾਰੀ ਯਾਨਿਕ ਸਿਨਰ ਨੇ ਇੱਥੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਦੋ ਵਾਰ ਦੇ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਜ਼ ਨੂੰ 4-6, 6-4, 6-4, 6-4 ਨਾਲ ਹਰਾ ਕੇ ਆਪਣਾ ਪਲੇਠਾ ਵਿੰਬਲਡਨ ਅਤੇ ਚੌਥਾ ਗਰੈਂਡ ਸਲੈਮ ਖ਼ਿਤਾਬ ਜਿੱਤ ਲਿਆ। ਹੁਣ ਸਿਨਰ ਦੂਜਾ ਦਰਜਾ ਪ੍ਰਾਪਤ ਸਪੈਨਿਸ਼ ਖਿਡਾਰੀ ਅਲਕਾਰਾਜ਼ ਦੇ ਕੁੱਲ ਗਰੈਂਡ ਸਲੈਮ ਖ਼ਿਤਾਬਾਂ ਦੀ ਬਰਾਬਰੀ ਤੋਂ ਇੱਕ ਕਦਮ ਦੂਰ ਹੈ।
ਇਸ ਜਿੱਤ ਦੇ ਨਾਲ ਹੀ ਸਿਨਰ ਨੇ 22 ਸਾਲਾ ਅਲਕਾਰਾਜ਼ ਦੇ ਲਗਾਤਾਰ ਖ਼ਿਤਾਬ ਜਿੱਤਣ ਦੇ ਸਿਲਸਿਲੇ ਨੂੰ ਵੀ ਤੋੜ ਦਿੱਤਾ। ਅਲਕਾਰਾਜ਼ ਨੇ ਸਿਨਰ ਖ਼ਿਲਾਫ਼ ਪੰਜ ਮੁਕਾਬਲੇ ਜਿੱਤੇ ਸਨ। ਦੋਵਾਂ ਦਰਮਿਆਨ ਹਾਲ ਹੀ ਵਿੱਚ 8 ਜੂਨ ਨੂੰ ਰੋਲਾਂ ਗੈਰਾਂ ਵਿੱਚ ਮੁਕਾਬਲਾ ਲਗਪਗ ਸਾਢੇ ਪੰਜ ਘੰਟੇ ਤੱਕ ਚੱਲਿਆ ਸੀ, ਜੋ ਪੰਜ ਸੈੱਟਾਂ ਤੱਕ ਖਿੱਚਿਆ ਗਿਆ। ਵਿੰਬਲਡਨ ਵਿੱਚ ਪਿਛਲੀ ਵਾਰ ਅਲਕਾਰਾਜ਼ ਨੂੰ ਹਰਾਉਣ ਵਾਲਾ ਖਿਡਾਰੀ ਸਿਨਰ ਹੀ ਸੀ। ਉਸ ਨੇ ਅਲਕਾਰਾਜ਼ ਨੂੰ 2022 ਵਿੱਚ ਚੌਥੇ ਗੇੜ ਵਿੱਚ ਸ਼ਿਕਸਤ ਦਿੱਤੀ ਸੀ। ਇਹ ਸਿਨਰ ਲਈ ਇੱਕ ਯਾਦਗਾਰੀ ਜਿੱਤ ਸਾਬਤ ਹੋਈ।
