Punjab

ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਟਾਂਡਾ-ਇੱਥੋਂ ਦੇ ਮੁਹੱਲਾ ਅਹੀਆਪੁਰ ਵਿੱਚ ਖਸਤਾ ਹਾਲ ਘਰ ਦੀ ਛੱਤ ਡਿੱਗਣ ਕਾਰਨ ਪਰਵਾਸੀ ਮਜ਼ਦੂਰ ਅਤੇ ਉਸ ਦੀਆਂ ਦੋ ਧੀਆਂ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਤੇ ਦੋ ਹੋਰ ਧੀਆਂ ਜ਼ਖ਼ਮੀ ਹੋ ਗਈਆਂ। ਮ੍ਰਿਤਕਾਂ ਦੀ ਪਛਾਣ ਸ਼ੰਕਰ ਮੰਡਲ ਪੁੱਤਰ ਬਾਦਲ ਮੰਡਲ ਤੇ ਉਸ ਦੀਆਂ ਧੀਆਂ ਸ਼ਿਵਾਨੀ ਦੇਵੀ ਅਤੇ ਪੂਜਾ ਵਜੋਂ ਹੋਈ ਹੈ। ਪਰਵਾਸੀ ਮਜ਼ਦੂਰ ਸ਼ੰਕਰ ਮੰਡਲ ਆਪਣੀਆਂ ਚਾਰ ਧੀਆਂ ਤੇ ਪਤਨੀ ਸਮੇਤ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।

ਅੱਜ ਸਵੇਰੇ ਮੀਂਹ ਦੌਰਾਨ ਖ਼ਸਤਾ ਹਾਲ ਘਰ ਦੀ ਦੂਜੀ ਮੰਜ਼ਿਲ ਦੀ ਛੱਤ ਅਚਾਨਕ ਡਿੱਗ ਗਈ ਤੇ ਘਰ ਵਿੱਚ ਸੁੱਤੇ ਪਰਿਵਾਰਕ ਮੈਂਬਰ ਮਲਬੇ ਹੇਠ ਦਬ ਗਏ। ਛੱਤ ਡਿੱਗਣ ਦੀ ਆਵਾਜ਼ ਸੁਣਕੇ ਮੁਹੱਲਾ ਵਾਸੀ ਇਕੱਠੇ ਹੋ ਗਏ ਅਤੇ ਉਨ੍ਹਾਂ ਮਲਬੇ ਹੇਠਾਂ ਦੱਬੇ ਪਰਿਵਾਰ ਦੇ ਮੈਂਬਰਾਂ ਨੂੰ ਬਚਾਉਣ ਲਈ ਯਤਨ ਸ਼ੁਰੂ ਕਰ ਦਿੱਤੇ। ਜ਼ਖ਼ਮੀਆਂ ਦੀ ਪਛਾਣ ਪ੍ਰਿਅੰਕਾ ਅਤੇ ਦੋ ਹੋਰ ਧੀਆਂ ਕਵਿਤਾ ਅਤੇ ਪ੍ਰੀਤੀ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ ਤੋਂ ਮੁੱਢਲੀ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਟਾਂਡਾ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਸਰਕਾਰ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਅਤੇ ਜ਼ਖ਼ਮੀਆਂ ਦਾ ਇਲਾਜ ਕਰਵਾਉਣ ਦਾ ਭਰੋਸਾ ਦਿੱਤਾ ਹੈ।