Punjab

ਆਲੂ ਉਤਪਾਦਕ ਨਿਰਾਸ਼, ਨਹੀਂ ਹੋ ਸਕੀ ਅਗੇਤੀ ਬਿਜਾਈ; ਖੇਤਾਂ ’ਚ ਪਾਣੀ ਭਰਨ ਤੇ ਝੋਨੇ ਦੀ ਵਾਢੀ ਲੇਟ ਹੋਣ ਨਾਲ ਆਲੂ ਦੀ ਬਿਜਾਈ ਵੀ ਪੱਛੜੀ

ਜਲੰਧਰ –ਬਰਸਾਤੀ ਮੌਸਮ ਦੀ ਗੜਬੜੀ ਕਾਰਨ ਕਿਸਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ। ਮੀਂਹ ਤੇ ਹੜ੍ਹਾਂ ਦੇ ਪਾਣੀ ਨਾਲ ਜਿੱਥੇ ਝੋਨੇ ਦੀ ਫਸਲ ਬੁਰੀ ਖਰਾਬ ਹੋਈ ਹੈ, ਉਥੇ ਹੀ ਵਾਢੀ ਪੱਛੜਨ ਕਾਰਨ ਅਗਲੀਆ ਫਸਲਾਂ ਦੀ ਬਿਜਾਈ ’ਚ ਦੇਰੀ ਹੋਣ ਲੱਗੀ ਹੈ। ਪਹਿਲਾਂ ਹੀ ਵਾਢੀ ਦੇ ਸੀਜ਼ਨ ਦੀ ਸ਼ੁਰੂਆਤ ਦੇਰੀ ਨਾਲ ਹੋਣ ਦੌਰਾਨ ਪਿਛਲੇ ਦਿਨੀਂ ਮੁੜ ਲਗਾਤਾਰ ਪਏ ਮੀਂਹ ਕਾਰਨ ਝੋਨੇ ਦੀ ਵਾਢੀ ਕਰੀਬ 10 ਦਿਨ ਹੋਰ ਪੱਛੜ ਗਈ ਹੈ। ਇਸ ਦਾ ਸਭ ਤੋਂ ਵਧੇਰੇ ਅਸਰ ਆਲੁ ਦੀ ਫਸਲ ’ਤੇ ਪਿਆ ਹੈ, ਜਿਸ ਕਾਰਨ ਆਲੂ ਉਤਪਾਦਕਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਵਿਸ਼ੇਸ਼ ਕਰ ਕੇ ਆਲੂ ਦੀ ਅਗੇਤੀ ਬਿਜਾਈ ਕਰਨ ਵਾਲੇ ਉਤਪਾਦਕਾਂ ਦਾ ਸੀਜ਼ਨ ਖਰਾਬ ਹੋ ਗਿਆ ਹੈ ਕਿਉਂਕਿ ਆਲੂ ਦੀ ਅਗੇਤੀ ਬਿਜਾਈ ਸਤੰਬਰ ਮਹੀਨੇ ਸ਼ੁਰੂ ਹੋ ਜਾਂਦੀ ਹੈ ਪਰ ਹੜ੍ਹ ਦੇ ਪਾਣੀ ਤੇ ਮੀਂਹਾਂ ਕਾਰਨ ਝੋਨੇ ਦੀ ਫਸਲ ਪੱਕਣ ਤੇ ਵਾਢੀ ਸ਼ੁਰੂ ਹੋਣ ’ਚ ਦੇਰੀ ਕਾਰਨ ਕਿਸਾਨ ਆਲੂ ਦੀ ਅਗੇਤੀ ਬਿਜਾਈ ਨਹੀਂ ਕਰ ਸਕੇ ਹਨ। ਇਸ ਦੇ ਨਾਲ ਹੀ ਆਲੂ ਦੀ ਬਿਜਾਈ ਅਕਤੂਬਰ ਮਹੀਨੇ ’ਚ ਸ਼ੁਰੂ ਹੋ ਜਾਂਦੀ ਹੈ ਪਰ ਝੋਨੇ ਦੀ ਵਾਢੀ 10 ਦਿਨ ਹੋਰ ਲੇਟ ਹੋਣ ਕਰਕੇ ਆਲੂ ਉਤਪਾਦਕਾਂ ਲਈ ਨਵੀਂ ਫਸਲ ਦੀ ਬਿਜਾਈ ਕਰਨ ’ਚ ਅੜਿੱਕਾ ਪੈ ਗਿਆ ਹੈ। ਇਸ ਲਈ ਆਲੂ ਦੀ ਬਿਜਾਈ ਆਮ ਦਿਨਾਂ ਦੇ ਮੁਕਾਬਲੇ 10-12 ਦਿਨ ਦੇਰੀ ਨਾਲ ਹੋਣ ਦੀ ਸੰਭਾਵਨਾ ਹੈ।

ਬਾਗਬਾਨੀ ਵਿਭਾਗ ਮੁਤਾਬਕ ਸੂਬੇ ’ਚ ਪਿਛਲੇ ਸੀਜ਼ਨ 2023 ’ਚ 1.20 ਲੱਖ ਹੈਕਟੇਅਰ ਰਕਬੇ ’ਚ ਆਲੂ ਦੀ ਬਿਜਾਈ ਕੀਤੀ ਗਈ ਸੀ। ਇਸ ਦਾ ਝਾੜ ਪ੍ਰਤੀ ਹੈਕਟੇਅਰ 28 ਟਨ ਸੀ ਅਤੇ ਕੁੱਲ ਉਤਪਾਦਨ 33,29,000 ਮੀਟ੍ਰਿਕ ਟਨ ਹੋਇਆ ਸੀ। ਆਲੂ ਦੀ ਬਿਜਾਈ ’ਚ ਦੇਰੀ ਹੋਣ ਬਾਰੇ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਸ਼ਾਹਕੋਟ ਦੇ ਪਿੰਡ ਟੁਰਨਾ ਵਾਸੀ ਆਲੂ ਉਤਪਾਦਕ ਰਵਿੰਦਰ ਸਿੰਘ ਟੂਰਨਾ ਦਾ ਕਹਿਣਾ ਹੈ ਕਿ ਇਸ ਸਾਲ ਭਾਰੀ ਬਰਸਾਤ ਤੇ ਹੜ੍ਹਾਂ ਦੇ ਪਾਣੀ ਨੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਪਹਿਲਾਂ ਉਨ੍ਹਾਂ ਦੀ ਝੋਨੇ ਦੀ ਫਸਲ ਬਰਬਾਦ ਹੋ ਗਈ ਅਤੇ ਹੁਣ ਆਲੂ ਦੀ ਫਸਲ ਵੀ ਲੇਟ ਹੋ ਰਹੀ ਹੈ। ਝੋਨੇ ਦੀ ਅਗੇਤੀ ਬਿਜਾਈ ਬਾਰੇ ਕਿਸਾਨ ਰਵਿੰਦਰ ਸਿੰਘ ਟੁਰਨਾ ਨੇ ਕਿਹਾ ਕਿ ਸੂਬੇ ’ਚ ਆਲੂ ਦੀ ਅਗੇਤੀ ਬਿਜਾਈ ਵਧੇਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਹਾੜੀ ਖੇਤਰ ਨਾਲ ਲੱਗਦੇ ਇਲਾਕੇ ਅਤੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ’ਚ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਕੁਝ ਕਿਸਾਨਾਂ ਨੇ ਆਲੂ ਦੀ ਬਿਜਾਈ ਕਰ ਦਿੱਤੀ ਸੀ ਪਰ ਲਗਾਤਾਰ ਪਏ ਮੀਂਹ ਕਾਰਨ ਬੀਜ ਖਰਾਬ ਹੋ ਗਿਆ ਤੇ ਕਿਸਾਨਾਂ ਨੂੰ ਨੁਕਸਾਨ ਝੱਲਣਾ ਪਿਆ। ਰਵਿੰਦਰ ਸਿੰਘ ਟੁਰਨਾ ਨੇ ਕਿਹਾ ਕਿ ਇਸ ਸਾਲ ਉਤਪਾਦਾਂ ਨੂੰ ਆਲੂ ਦਾ ਭਾਅ ਵੀ ਸਹੀ ਨਹੀਂ ਮਿਲਿਆ, ਜਿਸ ਕਾਰਨ ਦੋਹਰਾ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਜਿਹੜੇ ਆਲੂ ਉਤਪਾਦਕਾਂ ਦੀ ਆਲੂ ਦੀ ਅਗੇਤੀ ਫਸਲ ਖਰਾਬ ਹੋਈ ਹੈ, ਉਨ੍ਹਾਂ ਨੂੰ ਮੁਆਵਜ਼ਾ ਦੇਵੇ।

ਜ਼ਿਲ੍ਹਾ ਰਕਬਾ (ਹੈਕਟੇਅਰ ’ਚ) ਉਤਪਾਦਨ (ਮੀਟ੍ਰਿਕ ਟਨ)

ਅੰਮ੍ਰਿਤਸਰ 8589 224497

ਬਰਨਾਲਾ 1829 45663

ਬਠਿੰਡਾ 5961 163129

ਫਿਰੋਜ਼ਪੁਰ 3366 35620

ਫਰੀਦਕੋਟ 533 12898

ਫਾਜ਼ਿਲਕਾ 213 5799

ਫਤਿਹਗੜ੍ਹ ਸਾਹਿਬ 4953 130645

ਗੁਰਦਾਸਪੁਰ 906 22710

ਹੁਸ਼ਿਆਰਪੁਰ 18046 503570

ਜਲੰਧਰ 26295 740625

ਕਪੂਰਥਲਾ 10594 289195

ਲੁਧਿਆਣਾ 18552 541088

ਮੋਗਾ 7525 222484

ਮਾਨਸਾ 248 6050

ਮੁਕਤਸਰ 376 9538
ਪਟਿਆਲਾ 5106 136922

ਪਠਾਨਕੋਟ 4 106

ਰੋਪੜ 645 15619ਐੱਸਬੀਐੱਸ ਨਗਰ 2926 81360

ਐੱਸਏਐੱਸ ਨਗਰ 1668 44379

ਸੰਗਰੂਰ 1143 31668

ਤਰਨਤਾਰਨ 2526 63572

ਕੁੱਲ 1.20 ਲੱਖ ਹੈਕਟੇਅਰ 33.29 ਲੱਖ ਮੀਟ੍ਰਿਕ ਟਨ