_*ਸਵੱਛ ਵਿਦਿਆਲਿਆ ਪੁਰਸਕਾਰ- ਜਿਲ੍ਹੇ ਦੇ 38 ਸਕੂਲਾਂ ਨੂੰ ਡੀਸੀ ਵਲੋਂ ਵੰਡੇ ਈਨਾਮ*_ *ਸਰਕਾਰੀ ਸਕੂਲਾਂ ਨੇ ਜਿੱਤੇ 38 ’ਚੋਂ 34 ਇਨਾਮ*
ਜਲੰਧਰ, 16 ਜੂਨ : ( ਚਰਨਜੀਤ ਸਿੰਘ ) ਸਿੱਖਿਆ ਵਿਭਾਗ ਵੱਲੋਂ ਜਲੰਧਰ ਜ਼ਿਲ੍ਹੇ ’ਚ ਸਕੂਲਾਂ ਦੇ ਸਰਵੇਖਣ ਤੋਂ ਬਾਅਦ ਚੁਣੇ ਗਏ 38 ਸਕੂਲਾਂ ਨੂੰ ਸਵੱਛ ਵਿੱਦਿਆਲਿਆ ਪੁਰਸਕਾਰਾਂ ਦੀ ਵੰਡ ਅੱਜ ਇੱਕ ਸਮਾਗਮ ਦੌਰਾਨ ਮਾਣਯੋਗ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵਲੋਂ ਕੀਤੀ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਵੱਛ ਵਿਦਿਆਲਿਆ ਪੁਰਸਕਾਰ ਜੇਤੂ ਸਕੂਲਾਂ ਦੇ ਮੁੱਖੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਹੋਰਨਾਂ ਲਈ ਮਿਸਾਲ ਬਣੇਗੀ। ਉਨ੍ਹਾਂ ਕਿਹਾ ਕਿ ਸਕੂਲਾਂ ’ਚ ਸੁਧਾਰਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਮਦਦ ਮੁਹਈਆ ਕਰਵਾਈ ਜਾਵੇਗੀ।
ੳਪ ਜ਼ਿਲ੍ਹਾ ਸਿੱਖਿਆ ਅਫਸਰ, ਸੈਕੰਡਰੀ ਸਿੱਖਿਆ ਰਾਜੀਵ ਜੋਸ਼ੀ ਨੇ ਦੱਸਿਆ ਕਿ ਸਕੂਲਾਂ ’ਚ ਪੀਣ ਦੇ ਪਾਣੀ ਦਾ ਪ੍ਰਬੰਧ, ਟੁਆਲਿਟ, ਹੱਥ ਧੌਣ ਦੀ ਸੁਵਿਧਾ ਅਤੇ ਵਿਹਾਰ, ਪ੍ਰਬੰਧਨ ਅਤੇ ਸਾਂਭ ਸੰਭਾਲ, ਵਿਹਾਰਕ ਬਦਲਾਅ ਅਤੇ ਸਮਰੱਥਾ ਨਿਰਮਾਣ, ਕੋਵਿਡ 19 ਦੇ ਟਾਕਰੇ ਲਈ ਤਿਆਰੀ ਦੇ 6 ਪੈਮਾਨਿਆਂ ’ਤੇ ਦਰਜਾਬੰਦੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜਨਵਰੀ ਤੋਂ ਮਾਰਚ 2022 ਤੱਕ ਸਕੂਲਾਂ ਨੇ ਆਪਣੇ ਪੱਧਰ ’ਤੇ ਆਪਣੀ ਜਾਣਕਾਰੀ ਪੋਰਟਲ ’ਤੇ ਅਪਲੋਡ ਕੀਤੀ ਅਤੇ ਫਿਰ 1 ਅਪ੍ਰੈਲ ਤੋਂ 15 ਮਈ ਤੱਕ ਸਰਵੇਖਣ ਕਰਤਾ ਟੀਮਾਂ ਨੇ ਇੰਨ੍ਹਾਂ ਪੈਮਾਨਿਆਂ ਦੀ ਸਕੂਲਾਂ ਵਿੱਚ ਜਾ ਕੇ ਜਾਂਚ ਕੀਤੀ। ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਗੁਰਚਰਨ ਸਿੰਘ ਮੁਲਤਾਨੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਕੁੱਲ 38 ਪੁਰਸਕਾਰ ਦਿੱਤੇ ਗਏ ਹਨ ਜਦ ਕਿ 14 ਸਕੂਲਾਂ ਦੇ ਨਾਮ ਰਾਜ ਪੱਧਰੀ ਪੁਰਸਕਾਰ ਲਈ ਚੋਣ ਕਮੇਟੀ ਨੂੰ ਭੇਜੇ ਗਏ ਹਨ। ਉਹਨਾਂ ਦੱਸਿਆ ਕਿ ਇਨ੍ਹਾਂ ’ਚ ਸਰਕਾਰੀ ਅਤੇ ਪ੍ਰਾਈਵੇਟ ਦੋਵ੍ਹੇਂ ਸਕੂਲ ਸ਼ਾਮਲ ਸਨ ਪਰ ਇੰਨ੍ਹਾਂ ਇਨਾਮਾਂ ਨੂੰ ਜਿੱਤਣ ’ਚ ਸਰਕਾਰੀ ਸਕੂਲਾਂ ਦੀ ਝੰਡੀ ਰਹੀ ਹੈ। ਸਰਕਾਰੀ ਸਕੂਲਾਂ ਨੇ 38 ’ਚੋਂ 34 ਇਨਾਮ ਜਿੱਤੇ ਹਨ। ਇਸ ਮੌਕੇ ਸਮੂਹ ਜੇਤੂ ਸਕੂਲਾਂ ਦੇ ਪ੍ਰਿੰਸੀਪਲ, ਹੈੱਡਮਾਸਟਰ, ਹੈਡਟੀਚਰ ਅਤੇ ਹੋਰ ਨੁਮਾਂਇੰਦੇ ਮੌਜੂਦ ਸਨ।
