ਪੰਜਾਬ ਦੇ ਸਕੂਲ ‘ਚ ਅਣਪਛਾਤਿਆਂ ਵੱਲੋਂ ਅੰਨ੍ਹੇਵਾਹ ਚਲਾਈਆਂ ਗਈਆਂ ਗੋਲੀਆਂ
ਸਾਦਿਕ – ਇਥੋ ਥੋੜੀ ਦੂਰ ਸਰਕਾਰੀ ਮਿਡਲ ਸਕੂਲ ਜੰਡਵਾਲਾ ਸੰਧੂਆਂ ਵਿਖੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਇੱਕ ਅਧਿਆਪਕ ‘ਤੇ ਗੋਲੀਆਂ ਚਲਾਈਆਂ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪਰ ਇਸ ਘਟਨਾ ਦੌਰਾਨ ਅਧਿਆਪਕ ਨੇ ਭੱਜ ਕੇ ਆਪਣੀ ਜਾਨ ਬਚਾਈ। ਮੌਕੇ ‘ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ, ਸਕੂਲ ਵਿੱਚ ਸਾਇੰਸ ਟੀਚਰ ਅਮਨਦੀਪ ਸਿੰਘ ਬੱਤਰਾ ਹਾਜਰ ਸੀ। ਇੰਨੇ ਨੂੰ ਅਣਪਛਾਤੇ ਇੱਕ ਮਰਦ ਅਤੇ ਇੱਕ ਔਰਤ ਆਏ ਅਤੇ ਉਨ੍ਹਾਂ ਅਮਨਦੀਪ ਸਿੰਘ ਦੇ ਪੈਰਾਂ ਵੱਲ ਦੋ ਫਾਇਰ ਕੀਤੇ ਪਰ ਬੱਤਰਾ ਕੋਲ ਖੜ੍ਹੀ ਕਾਰ ਦੇ ਓਹਲੇ ਹੋ ਗਿਆ।
ਗੋਲੀ ਚੱਲਣ ਦੀ ਅਵਾਜ਼ ਸੁਣ ਕੇ ਬੱਚਿਆਂ ਵਿੱਚ ਚੀਕ ਚਿਹਾੜਾ ਪੈ ਗਿਆ। ਦੂਜੇ ਅਧਿਆਪਕ ਤੇ ਮਿੱਡ ਡੇ ਮੀਲ ਵਰਕਰ ਅਤੇ ਪਿੰਡ ਵਾਸੀ ਵੀ ਮੌਕੇ ‘ਤੇ ਪੁੱਜੇ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਮੁੱਖ ਅਫਸਰ ਇੰਸਪੈਕਟਰ ਨਵਦੀਪ ਸਿੰਘ ਭੱਟੀ, ਹਰਜੋਤ ਸਿੰਘ ਔਲਖ ਸਹਾਇਕ ਥਾਣੇਦਾਰ, ਹੌਲਦਾਰ ਗੁਰਦੇਵ ਸਿੰਘ ਸਮੇਤ ਪੁਲਸ ਪਾਰਟੀ ਮੌਕੇ ਤੇ ਪੁੱਜੇ ਤੇ ਸਾਰੀ ਜਾਣਕਾਰੀ ਲਈ। ਉਪਰੰਤ ਪੁਲਸ ਬਿਆਨ ਕਲਮਬੰਦ ਕਰਨ ਲਈ ਅਮਨਦੀਪ ਸਿੰਘ ਨੂੰ ਨਾਲ ਲੈ ਗਈ।
