PSPCL ਤੇ PSTCL ਦੀ ਸਰਕਾਰ ਨੂੰ ਚਿਤਾਵਨੀ, ਕਿਹਾ- ਸਰਕਾਰੀ ਜ਼ਮੀਨਾਂ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਕੀਤਾ ਜਾਵੇਗਾ ਵੱਡਾ ਸੰਘਰਸ਼
ਪਟਿਆਲਾ-ਪੀਐੱਸਪੀਸੀਐੱਲ ਅਤੇ ਪੀਐੱਸਟੀਸੀਐੱਲ ਦੀਆਂ ਜਾਇਦਾਦਾਂ ਨੂੰ ਵੇਚਣ ਦੀ ਚੱਲ ਰਹੀ ਚਰਚਾ ਬਾਰੇ ਪੰਜਾਬ ਦੇ ਬਿਜਲੀ ਖੇਤਰ ਦੀ ਨੁਮਾਇੰਦਗੀ ਕਰਨ ਵਾਲੀਆਂ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿਚ ਬਿਜਲੀ ਖੇਤਰ ਦੀਆਂ ਕੀਮਤੀ ਜ਼ਮੀਨਾਂ ਅਤੇ ਜਾਇਦਾਦਾਂ ਨੂੰ ਵੇਚਣ/ਲੀਜ਼ ’ਤੇ ਦੇਣ ਦੇ ਕਦਮ ਦਾ ਵਿਰੋਧ ਕਰਨ ਦਾ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ। ਸਮੂਹ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਮੁਦਰੀਕਰਨ ਦੇ ਨਾਂ ’ਤੇ ਸਾਡੇ ਪਾਵਰ ਹਾਊਸ, ਦਫਤਰ, ਸਟੋਰ ਸਥਿਤ ਹਨ ਅਤੇ ਕੁਝ ਖਾਲੀ ਜ਼ਮੀਨਾਂ ਹਨ, ਜੋ ਕਿ ਜਨਤਾ ਨੂੰ ਬਿਜਲੀ ਸੇਵਾਵਾਂ ਪ੍ਰਦਾਨ ਕਰਨ ਲਈ ਵਿਭਾਗ ਦੇ ਭਵਿੱਖ ਦੇ ਵਿਕਾਸ ਲਈ ਵਰਤੇ ਜਾਣਗੇ, ਨੂੰ ਵੇਚਣ ਦੀ ਕੋਸ਼ਿਸ ਦਾ ਸਾਰੇ ਕਰਮਚਾਰੀ ਅਤੇ ਇੰਜੀਨੀਅਰ/ਅਧਿਕਾਰੀ ਵਿਰੋਧ ਕਰਨਗੇ।
ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਕਾਰਵਾਈਆਂ ਪੀਐੱਸਪੀਸੀਐੱਲ ਅਤੇ ਪੀਐੱਸਟੀਸੀਐੱਲ ਦੀ ਹੋਂਦ ਨੂੰ ਖਤਰੇ ਵਿੱਚ ਪਾ ਸਕਦੀਆਂ ਹਨ। ਇਸ ਸਬੰਧੀ ਪੀਐੱਸਈਬੀ ਮੁੱਖ ਦਫਤਰ ਦੇ ਮੁੱਖ ਗੇਟ ਅੱਗੇ ਮੁਦਰੀਕਰਨ ਦੇ ਨਾਂ ਹੇਠ ਬਿਜਲੀ ਖੇਤਰ ਦੀਆਂ ਕੀਮਤੀ ਜ਼ਮੀਨਾਂ ਨੂੰ ਵੇਚਣ ਦੀ ਸਰਕਾਰੀ ਕੋਸ਼ਿਸ਼ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਸੀਐੱਮਡੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਮੀਟਿੰਗ ਵਿਚ ਇੰਜੀਨੀਅਰ ਜਤਿੰਦਰ ਗਰਗ, ਇੰਜੀਨੀਅਰ ਦਵਿੰਦਰ ਗੋਇਲ, ਇੰਜ. ਅਜੇ ਪਾਲ ਸਿੰਘ ਅਟਵਾਲ ਪੀਐੱਸਈਬੀ ਇੰਜੀਨੀਅਰਜ਼ ਐਸੋਸੀਏਸ਼ਨ, ਇੰਜ. ਅਮਨਦੀਪ ਜੇਹਲਵੀ, ਇੰਜ. ਚੰਚਲ ਕੁਮਾਰ, ਇੰਜ. ਵਿਕਾਸ ਗੁਪਤਾ, ਜੂਨੀਅਰ ਇੰਜੀਨੀਅਰਜ਼ ਕੌਂਸਲ ਤੋਂ, ਕੁਲਦੀਪ ਸਿੰਘ ਉਧੋਕੇ, ਹਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਟੈਕਨੀਕਲ ਸਰਵਿਸਿਜ਼ ਯੂਨੀਅਨ, ਅਵਤਾਰ ਸਿੰਘ ਕੈਂਥ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ, ਗੁਰਪ੍ਰੀਤ ਸਿੰਘ ਜੱਸਲ, ਗੁਰਵਿੰਦਰ ਸਿੰਘ, ਅਮਿਤ ਕੁਮਾਰ, ਅਸ਼ੀਸ਼ ਸਿੰਘ ਪੀ.ਐੱਸ.ਈ.ਬੀ. ਅਕਾਊਂਟਸ ਆਡਿਟ ਐਂਡ ਐਡਮਨਿਸਟਰੇਟਿਵ ਸਰਵਿਸਿਜ਼ ਐਸੋਸੀਏਸ਼ਨ, ਇੰਜ. ਤੇਜਿੰਦਰ ਸਿੰਘ ਪੀਐੱਸਪੀਸੀਐੱਲ/ਪੀਐੱਸਟੀਸੀਐੱਲ ਆਈਟੀ ਅਫ਼ਸਰ ਐਸੋਸੀਏਸ਼ਨ, ਰੀਤਿੰਦਰ ਗਲਵੱਟੀ ਐੱਚਆਰ ਅਫ਼ਸਰ ਐਸੋਸੀਏਸ਼ਨ ਵੱਲੋਂ ਸ਼ਾਮਲ ਹੋਏ। ਸਮੂਹ ਯੂਨੀਅਨਾਂ ਦੀ ਲੀਡਰਸ਼ਿਪ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਦੀਆਂ ਜਾਇਦਾਦਾਂ/ਸੰਪੱਤੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਕੋਸ਼ਿਸ਼ ਕੀਤੀ ਗਈ ਤਾਂ ਪੰਜਾਬ ਭਰ ਦੀਆਂ ਸਾਰੀਆਂ ਯੂਨੀਅਨਾਂ ਤੁਰੰਤ ਰੋਸ ਪ੍ਰਦਰਸ਼ਨ ਕਰਨਗੀਆਂ।
