Global

ਸ਼ਿਕਾਗੋ ਦੇ ਮੇਅਰ ਤੇ ਇਲੀਨੋਇਸ ਦੇ ਗਵਰਨਰ ਨੂੰ ਜੇਲ੍ਹ ’ਚ ਹੋਣਾ ਚਾਹੀਦੈ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਿਕਾਗੋ ਦੇ ਮੇਅਰ ਤੇ ਇਲੀਨੋਇਸ ਦੇ ਗਵਰਨਰ ਨੂੰ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਹ ਨਾਜਾਇਜ਼ ਪਰਵਾਸੀਆਂ ਦੇ ਖ਼ਿਲਾਫ਼ ਮੁਹਿੰਮ ਚਲਾ ਰਹੇ ਅਧਿਕਾਰੀਆਂ ਦੀ ਸੁਰੱਖਿਆ ਕਰਨ ’ਚ ਅਸਫਲ ਰਹੇ ਹਨ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਉਨ੍ਹਾਂ ਦੇ ਪ੍ਰਸ਼ਾਸਨ ਨੇ ਅਮਰੀਕਾ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਸ਼ਿਕਾਗੋ ’ਚ ਨੈਸ਼ਨਲ ਗਾਰਡ ਨੂੰ ਤਾਇਨਾਤ ਕਰਨ ਦੀ ਤਿਆਰੀ ਕਰ ਲਈ ਹੈ। ਸ਼ਹਿਰ ਦੇ ਬਾਹਰ ਇਕ ਫ਼ੌਜੀ ਟਿਕਾਣੇ ’ਤੇ ਸੈਂਕੜੇ ਫ਼ੌਜੀ ਪਹੁੰਚ ਗਏ ਹਨ। ਸ਼ਿਕਾਗੋ ਦੇ ਮੇਅਰ ਤੇ ਇਲੀਨੋਇਸ ਦੇ ਗਵਰਨਰ ਦੋਵੇਂ ਡੈਮੋਕ੍ਰੇਟ ਹਨ ਤੇ ਇਨ੍ਹਾਂ ਨੇ ਟਰੰਪ ਦੇ ਕਦਮ ਦਾ ਵਿਰੋਧ ਕੀਤਾ ਹੈ।

ਟਰੰਪ ਨੇ ਆਪਣੇ ਇੰਟਰਨੈੱਟ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ’ਤੇ ਬੁੱਧਵਾਰ ਨੂੰ ਇਕ ਪੋਸਟ ’ਚ ਕਿਹਾ ਕਿ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜਾਨਸਨ ਤੇ ਇਲੀਨੋਇਸ ਦੇ ਗਵਰਨਰ ਜੇਬੀ ਪ੍ਰਿਤਜ਼ਕਰ ਸ਼ਿਕਾਗੋ ’ਚ ਕੰਮ ਕਰ ਰਹੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਸੁਰੱਖਿਆ ਕਰਨ ’ਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਿਕਾਗੋ ਦੇ ਮੇਅਰ ਨੂੰ ਅਧਿਕਾਰੀਆਂ ਦੀ ਸੁਰੱਖਿਆ ’ਚ ਅਸਫਲਤਾ ਲਈ ਜੇਲ੍ਹ ’ਚ ਹੋਣਾ ਚਾਹੀਦਾ ਹੈ। ਗਵਰਨਰ ਪ੍ਰਿਤਜ਼ਕਰ ਨੂੰ ਵੀ। ਉਨ੍ਹਾਂ ਅਮਰੀਕੀ ਇਮੀਗ੍ਰੇਸ਼ਨ ਤੇ ਟੈਕਸ ਅਧਿਕਾਰੀਆਂ ਦੇ ਸਬੰਧ ’ਚ ਇਹ ਗੱਲ ਕਹੀ। ਟਰੰਪ ਨੇ ਕਈ ਹੋਰਨਾਂ ਅਮਰੀਕੀ ਸ਼ਹਿਰਾਂ ’ਚ ਵੀ ਨੈਸ਼ਨਲ ਗਾਰਡ ਦੇ ਫ਼ੌਜੀਆਂ ਨੂੰ ਤਾਇਨਾਤ ਕਰਨ ਦੀ ਧਮਕੀ ਦਿੱਤੀ ਹੈ। ਇਧਰ, ਰਾਇਟਰ ਦੇ ਇਕ ਸਰਵੇਖਣ ਅਨੁਸਾਰ, ਜ਼ਿਆਦਾਤਰ ਅਮਰੀਕੀਆਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਬਾਹਰੀ ਖ਼ਤਰੇ ਦੇ ਫ਼ੌਜੀਆਂ ਦੀ ਤਾਇਨਾਤੀ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।

ਏਪੀ ਅਨੁਸਾਰ, ਨੈਸ਼ਨਲ ਗਾਰਡ ਦੇ ਫ਼ੌਜੀ ਸ਼ਿਕਾਗੋ ਦੇ ਬਾਹਰ ਤਾਇਨਾਤ ਕਰ ਦਿੱਤੇ ਗਏ ਹਨ। ਟਰੰਪ ਦੇਸ਼ ਦੇ ਵੱਡੇ ਸ਼ਹਿਰਾਂ ’ਚ ਅਪਰਾਧਾਂ ਦੇ ਖ਼ਿਲਾਫ਼ ਇਕ ਹਮਲਾਵਰ ਨੀਤੀ ਦੇ ਤਹਿਤ ਇਹ ਕਦਮ ਚੁੱਕ ਰਹੇ ਹਨ। ਹਾਲਾਂਕਿ, ਸਥਾਨਕ ਪੱਧਰ ’ਤੇ ਇਸਦਾ ਵਿਰੋਧ ਹੋ ਰਿਹਾ ਹੈ। ਇਧਰ, ਵਾਸ਼ਿੰਗਟਨ ’ਚ ਫ਼ੌਜੀਆਂ ਦੀ ਤਾਇਨਾਤੀ ਦੇ ਖ਼ਿਲਾਫ਼ ਸ਼ਬਿਰ ਦੇ ਕੋਰਟ ’ਚ ਇਕ ਮੁਕੱਦਮਾ ਦਾਖ਼ਲ ਕੀਤਾ ਗਿਆ ਹੈ। ਇਸ ਮੁਕੱਦਮੇ ਦਾ ਕਈ ਸੂਬਿਆਂ ਨੇ ਸਮਰਥਨ ਕੀਤਾ ਹੈ।