ਸੇਖ਼ ਹਸੀਨਾ ਖ਼ਿਲਾਫ਼ ਜਬਰਨ ਗ਼ਾਇਬ ਹੋਣ ਦੇ ਮਾਮਲਿਆਂ ’ਚ ਗ੍ਰਿਫ਼ਤਾਰੀ ਵਾਰੰਟ ਜਾਰੀ, ਬੰਗਲਾਦੇਸ਼ ਦੀ ਅੰਤਰਰਾਸ਼ਟਰੀ ਅਪਰਾਧ ਅਦਾਲਤ ਸੁਣਾਇਆ ਫੈਸਲਾ
ਢਾਕਾ – ਬੰਗਲਾਦੇਸ਼ ਦੀ ਅੰਤਰਰਾਸ਼ਟਰੀ ਅਪਰਾਧ ਅਦਾਲਤ ਨੇ ਬੁੱਧਵਾਰ ਨੂੰ ਅਹੁਦੇ ਤੋਂ ਹਟਾਈ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਤੇ ਹੋਰਨਾਂ ਖ਼ਿਲਾਫ਼ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਦੋਸ਼ ’ਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਇਹ ਦੋਸ਼ ਉਨ੍ਹਾਂ ਦੇ ਅਵਾਮੀ ਲੀਗ ਸ਼ਾਸਨ ਦੌਰਾਨ ਜਬਰਨ ਗ਼ਾਇਬ ਹੋਣ ਦੇ ਮਾਮਲਿਆਂ ਨਾਲ ਸਬੰਧਤ ਹਨ। ਜਸਟਿਸ ਮੁਹੰਮਦ ਗੋਲਾਮ ਮੁਰਤਜ਼ਾ ਮੋਜੁਮਦਰ ਦੀ ਪ੍ਰਧਾਨਗੀ ’ਚ ਇਕ ਤਿੰਨ ਮੈਂਬਰੀ ਅੰਤਰਰਾਸ਼ਟਰੀ ਅਪਰਾਧ ਅਦਾਲਤ (ਆਈਸੀਟੀ) ਬੈਂਚ ਨੇ ਮੀਡੀਆ ਰਿਪੋਰਟਾਂ ਅਨੁਸਾਰ, ਦੋ ਵੱਖ-ਵੱਖ ਮਾਮਲਿਆਂ ’ਚ ਦਾਖ਼ਲ ਦੋਸ਼ਾਂ ਨੂੰ ਨੋਟਿਸ ’ਚ ਲਿਆ।
ਇਨ੍ਹਾਂ ਮਾਮਲਿਆਂ ’ਚ ਹਸੀਨਾ ਤੇ 29 ਹੋਰਨਾਂ ’ਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਸਿਆਸੀ ਵਿਰੋਧੀਆਂ ਨੂੰ ਵਿਸ਼ੇਸ਼ ਸੁਰੱਖਿਆ ਏਜੰਸੀਆਂ ਵੱਲੋਂ ਸੰਚਾਲਤ ਗੁਪਤ ਸਹੂਲਤਾਂ ’ਚ, ਹਿਰਾਸਤ ’ਚ ਲੈਣ, ਤਸੀਹੇ ਦੇਣ ਤੇ ਗ਼ਾਇਬ ਕਰਨ ਦਾ ਕੰਮ ਕੀਤਾ। ਇਕ ਖ਼ਬਰ ਪੋਰਟਲ ਅਨੁਸਾਰ, ਆਈਸੀਟੀ ਨੇ ਹਸੀਨਾ ਤੇ ਹੋਰਨਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਤੇ 22 ਅਕਤੂਬਰ ਨੂੰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਨ ਦੀ ਤਰੀਕ ਤੈਅ ਕੀਤੀ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਘਟਨਾਕ੍ਰਮ ਯੂਨਸ ਸ਼ਾਸਨ ਵੱਲੋਂ ਕੀਤੀ ਜਾ ਰਹੀ ਇਕ ਵੱਡੀ ਸਿਆਸੀ ਬਦਲਾਖੋਰੀ ਦਾ ਹਿੱਸਾ ਹੈ ਕਿਉਂਕਿ ਪੰਜ ਅਗਸਤ 2024 ਨੂੰ ਸ਼ੇਖ਼ ਹਸੀਨਾ ਦਾ ਤਖਤਾਪਲਟ ਕਰਨ ਦੇ ਤੁਰੰਤ ਬਾਅਦਗ ਕਈ ਮਾਮਲਿਆਂ ’ਚ ਹਸੀਨਾ, ਉਨ੍ਹਾਂ ਦੇ ਪਾਰਟੀ ਮੈਂਬਰਾਂ ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੰਮ ਕਰਨ ਵਾਲੇ ਅਫ਼ਸਰਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ। ਹਸੀਨਾ ਨੇ ਅਸਤੀਫ਼ਾ ਦੇਣ ਤੋਂ ਬਾਅਦ ਭਾਰਤ ’ਚ ਪਨਾਹ ਲਈ ਹੈ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ੀ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਨੇ ਉਨ੍ਹਾਂ ਅਵਾਮੀ ਲੀਗ ਸ਼ਾਸਨ ਨੂੰ ਪੁੱਟ ਸੁੱਟਿਆ ਸੀ।
