Global

ਰੂਸ ਦਾ ਯੂਕਰੇਨ ’ਤੇ ਵੱਡਾ ਹਵਾਈ ਹਮਲਾ, ਪੰਜ ਮਰੇ; ਜ਼ੇਲੈਂਸਕੀ ਨੇ ਡਿਫੈਂਸ ਸਿਸਟਮ ਲਈ ਮੁੜ ਲਗਾਈ ਗੁਹਾਰ

ਕੀਵ – ਰੂਸ ਨੇ ਸ਼ਨਿਚਰਵਾਰ-ਵੀਰਵਾਰ ਦੀ ਰਾਤ ਯੂਕਰੇਨ ’ਤੇ ਇਕ ਵਾਰ ਫਿਰ ਵੱਡਾ ਹਵਾਈ ਹਮਲਾ ਕੀਤਾ। ਇਸ ਹਮਲੇ ’ਚ ਲਵੀਵ ਸ਼ਹਿਰ ਨਿਸ਼ਾਨੇ ’ਤੇ ਰਿਹਾ। ਉਥੇ ਚਾਰ ਲੋਕ ਮਾਰੇ ਗਏ ਤੇ ਛੇ ਲੋਕ ਜ਼ਖ਼ਮੀ ਹੋ ਗਏ। ਹਮਲੇ ’ਚ ਊਰਜਾ ਪਲਾਂਟਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਕਈ ਸ਼ਹਿਰਾਂ ਦੀ ਬਿਜਲੀ ਵਿਵਸਥਾ ਪ੍ਰਭਾਵਿਤ ਹੋਈ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲਦੋਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਦੇਸ਼ ਦੇ ਨੌਂ ਖੇਤਰਾਂ ਨੂੰ 50 ਬੈਲਿਸਟਿਕ ਮਿਜ਼ਾਈਲਾਂ, ਕਰੀਬ 500 ਡ੍ਰੋਨਾਂ ਤੇ ਗਾਈਡਿਡ ਬੰਬਾਂ ਨਾਲ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ’ਚੋਂ ਜ਼ਿਆਦਾਤਰ ਨੂੰ ਯੂਕਰੇਨ ਦੇ ਡਿਫੈਂਸ ਸਿਸਟਮ ਨੇ ਅਸਮਾਨ ’ਚ ਹੀ ਤਬਾਹ ਕਰ ਦਿੱਤਾ ਪਰ ਇਸਦੇ ਬਾਵਜੂਦ ਹਮਲੇ ’ਚ ਭਾਰੀ ਨੁਕਸਾਨ ਹੋਇਆ ਹੈ। ਜ਼ੇਲੈਂਸਕੀ ਨੇ ਆਲਮੀ ਫਿਰਕੇ ਨੂੰ ਰੂਸ ਖ਼ਿਲਾਫ਼ ਵੱਡੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

ਯੂਕਰੇਨ ਦੇ ਕੰਟਰੋਲ ਵਾਲੇ ਜਪੋਰੀਜੀਆ ਸ਼ਹਿਰ ’ਚ ਰੂਸੀ ਫ਼ੌਜ ਦੇ ਡ੍ਰੋਨ ਤੇ ਗਾਈਡਿਡ ਬੰਬਾਂ ਦੇ ਹਮਲੇ ’ਚ ਇਕ ਮਹਿਲਾ ਦੀ ਮੌਤ ਹੋਈ ਹੈ ਤੇ ਨੌਂ ਲੋਕ ਜ਼ਖ਼ਮੀ ਹੋਏ ਹਨ। ਜਪੋਰੀਜੀਆ ਦੇ ਗਵਰਨਰ ਇਵਾਨ ਫੇਰੋਰੋਵ ਨੇ ਦੱਸਿਆ ਹੈ ਕਿ ਰੂਸੀ ਹਮਲੇ ’ਚ ਕਈ ਰਿਹਾਇਸ਼ੀ ਇਮਾਰਤਾਂ ਬਰਬਾਦ ਹੋ ਗਈਆਂ ਹਨ ਤੇ ਅੰਦਾਜ਼ਨ 73 ਹਜ਼ਾਰ ਲੋਕਾਂ ਦੇ ਘਰਾਂ ਦੀ ਬਿਜਲੀ ਸਪਲਾਈ ਭੰਗ ਹੋ ਗਈ ਹੈ। ਹੋਰਨਾਂ ਸ਼ਹਿਰਾਂ ਦੇ ਵੀ ਹਜ਼ਾਰਾਂ ਲੋਕਾਂ ਨੂੰ ਬਿਜਲੀ ਨਹੀਂ ਮਿਲ ਪਾ ਰਹੀ ਹੈ। ਡੋਨੈਸਕ ਖੇਤਰ ਦੇ ਸਲੋਵਿਆਂਸਕ ਸ਼ਹਿਰ ’ਚ ਹੋਏ ਰੂਸੀ ਹਮਲੇ ’ਚ ਛੇ ਲੋਕ ਜ਼ਖ਼ਮੀ ਹੋਏ ਹਨ। ਸ਼ਨਿਚਰਵਾਰ ਨੂੰ ਸਲੋਵਿਆਂਸਕ ’ਚ ਰੂਸੀ ਹਮਲੇ ’ਚ ਦੋ ਦਰਜਨ ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਰੂਸੀ ਫ਼ੌਜ ਨੇ ਇਨ੍ਹਾਂ ’ਤੇ ਗਾਈਡਿਡ ਬੰਬ ਦਾਗੇ ਸਨ। ਜ਼ੇਲੈਂਸਕੀ ਨੇ ਰੂਸ ਦੇ ਅਸਮਾਨੀ ਅੱਤਵਾਦ ਨੂੰ ਖ਼ਤਮ ਕਰਨ ਲਈ ਸਹਿਯੋਗੀ ਦੇਸ਼ਾਂ ਨੂੰ ਵੱਧ ਏਅਰ ਡਿਫੈਂਸ ਸਿਸਟਮ ਮੰਗੇ ਹਨ। ਹਾਲ ਹੀ ਦੇ ਮਹੀਨਿਆਂ ’ਚ ਯੂਕਰੇਨ ਨੇ ਰੂਸ ’ਚ ਲੰਬੀ ਦੂਰੀ ਦੇ ਕਈ ਡ੍ਰੋਨ ਹਮਲੇ ਕਰ ਕੇ ਕਈ ਆਇਲ ਰਿਫਾਈਨਰੀਆਂ ਤੇ ਤੇਲ ਸਪਲਾਈ ਪ੍ਰਬੰਧਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਨਾਲ ਰੂਸ ’ਚ ਸੋਧੇ ਤੇਲ ਦੀ ਕਮੀ ਹੋ ਗਈ ਹੈ, ਉਸਦਾ ਅਸਰ ਉਸਦੀ ਤੇਲ ਦੀ ਬਰਾਮਦ ’ਤੇ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਰੂਸ ਵਿਸ਼ਵ ਦਾ ਦੂਜੇ ਨੰਬਰ ਦਾ ਤੇਲ ਬਰਾਮਦਕਾਰ ਦੇਸ਼ ਹੈ।