PSEB ਨੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ
ਐੱਸਏਐੱਸ ਨਗਰ – ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਉਤਰ ਪੁਸਤਿਕਾਵਾਂ ਦੀ ਪੁਨਰਮੁਲਾਂਕਣ (ਰੀ-ਇਵੈਲੂਏਸ਼ਨ) ਦੀ ਸਹੂਲਤ ਮੁੜ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਸਿਰਫ਼ ਅੰਕਾਂ ਦੇ ਜੋੜ ਦੀ ਜਾਂਚ (ਰੀ-ਚੈਕਿੰਗ) ਕੀਤੀ ਜਾਂਦੀ ਸੀ, ਪਰ ਹੁਣ ਵਿਦਿਆਰਥੀ ਆਪਣੀ ਕਾਪੀ ਮੰਗਵਾ ਕੇ ਆਪਣੇ ਲਿਖੇ ਉਤਰਾਂ ਦੀ ਜਾਂਚ ਵੀ ਕਰਵਾ ਸਕਣਗੇ। ਇਹ ਅਹਿਮ ਫ਼ੈਸਲਾ ਬੋਰਡ ਦੀ ਡਾਇਰੈਕਟੋਰਸ ਮੀਟਿੰਗ ’ਚ ਲਿਆ ਗਿਆ। ਇਸ ਮੀਟਿੰਗ ’ਚ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤਾਂ ਦੀਆਂ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਸਿਸਟਮ ‘ਤੇ ਵਿਚਾਰ ਕੀਤਾ ਗਿਆ। ਫ਼ੈਸਲੇ ਅਨੁਸਾਰ ਅੱਠਵੀਂ ਜਮਾਤ ’ਚ ਕੇਵਲ ਰੀ-ਚੈਕਿੰਗ ਦੀ ਸਹੂਲਤ ਮਿਲੇਗੀ। ਜਦਕਿ ਦਸਵੀਂ ਤੇ ਬਾਰ੍ਹਵੀਂ ਜਮਾਤ ’ਚ ਰੀ-ਚੈਕਿੰਗ ਦੇ ਨਾਲ-ਨਾਲ ਰੀ-ਇਵੈਲੂਏਸ਼ਨ ਵੀ ਲਾਗੂ ਕੀਤਾ ਜਾਵੇਗਾ। ਇਹ ਪ੍ਰਕਿਰਿਆ ਲਗਪਗ 14 ਸਾਲ ਬਾਅਦ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਸਾਲ 2011 ’ਚ ਇਹ ਪ੍ਰਕਿਰਿਆ ਬੰਦ ਕਰ ਦਿੱਤੀ ਗਈ ਸੀ। ਹਾਲੀਆ ਸਾਲਾਂ ’ਚ ਕਈ ਵਿਦਿਆਰਥੀਆਂ ਨੇ ਬੋਰਡ ਦੇ ਮੁਲਾਂਕਣ ‘ਤੇ ਸਵਾਲ ਉਠਾਏ ਸਨ ਤੇ ਅਦਾਲਤ ਦਾ ਰੁਖ ਕੀਤਾ ਸੀ। ਅਦਾਲਤ ਵੱਲੋਂ ਵੀ ਇਹ ਟਿੱਪਣੀ ਕੀਤੀ ਗਈ ਸੀ ਕਿ ਵਿਦਿਆਰਥੀਆਂ ਨੂੰ ਆਪਣੀਆਂ ਉੱਤਰ ਪੁਸਤਿਕਾਵਾਂ ਦੇਖਣ ਦਾ ਹੱਕ ਹੋਣਾ ਚਾਹੀਦਾ ਹੈ, ਤਾਂ ਜੋ ਉਹ ਸੰਤੁਸ਼ਟ ਹੋ ਸਕਣ। ਇਸ ਨਵੇਂ ਫੈਸਲੇ ਨਾਲ ਵਿਦਿਆਰਥੀਆਂ ਨੂੰ ਨਾ ਸਿਰਫ਼ ਅੰਕਾਂ ਨੂੰ ਲੈ ਕੇ ਵਾਧੂ ਸਪਸ਼ਟਤਾ ਮਿਲੇਗੀ, ਸਗੋਂ ਉਹ ਆਪਣੇ ਹੱਕ ਦੀ ਜਾਂਚ ਵੀ ਕਰਵਾ ਸਕਣਗੇ।