Punjab

78 ਲੱਖ ਦੀ ਠੱਗੀ ਦੇ ਮਾਮਲੇ ‘ਚ ਦੋ ਇਮੀਗ੍ਰੇਸ਼ਨ ਏਜੰਟ ਗ੍ਰਿਫ਼ਤਾਰ

ਚੰਡੀਗੜ੍ਹ-ਸੈਕਟਰ 34 ਥਾਣਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸਾਜ਼ਿਸ਼ਕਰਤਾ ਅਨਮੋਲ ਬਿਸ਼ਨੋਈ, ਸਚਿਨ ਟਪਨ ਅਤੇ ਹੋਰਾਂ ਨੂੰ ਜਾਅਲੀ ਦਸਤਾਵੇਜ਼ ਮੁਹੱਈਆ ਕਰਵਾਉਣ ਵਾਲੇ ਦੋ ਇਮੀਗ੍ਰੇਸ਼ਨ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਹੋਏ ਮੁਲਜ਼ਮਾਂ ਦੀ ਪਛਾਣ ਹਰਮੀਤ ਸਿੰਘ ਉਰਫ਼ ਟੀਟੂ ਚੰਦ (42), ਨਿਵਾਸੀ ਬਾਬਾ ਨਾਮਦੇਵ ਕਾਲੋਨੀ, ਕਪੂਰਥਲਾ (ਪੰਜਾਬ) ਅਤੇ ਅਰਿਜੀਤ ਕੁਮਾਰ ਉਰਫ਼ ਅਜੀਤ ਉਰਫ਼ ਟੋਨੀ (58), ਨਿਵਾਸੀ ਉੱਤਰ-ਪੱਛਮੀ ਦਿੱਲੀ ਵਜੋਂ ਹੋਈ ਹੈ।

ਪੁਲਿਸ ਮੁਤਾਬਕ, ਅਨਮੋਲ ਬਿਸ਼ਨੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਚਚੇਰਾ ਭਰਾ ਹੈ। ਟੀਟੂ ਚੰਦ ਪਹਿਲਾਂ ਵੀ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਵੱਲੋਂ ਗ੍ਰਿਫ਼ਤਾਰ ਹੋ ਚੁੱਕਾ ਹੈ ਅਤੇ ਉਹ ਇਸ ਮਾਮਲੇ ਵਿੱਚ ਜ਼ਮਾਨਤ ‘ਤੇ ਬਾਹਰ ਸੀ।

ਸੈਕਟਰ-34 ਥਾਣੇ ਨੂੰ ਹਰਿਆਣਾ ਦੇ ਕੈਥਲ ਨਿਵਾਸੀ ਮਨਜੀਤ ਸਿੰਘ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ। ਉਸ ਨੇ ਦੱਸਿਆ ਕਿ 2022 ‘ਚ ਟੀਟੂ ਚੰਦ ਨਾਲ ਟੈਲੀਫ਼ੋਨ ‘ਤੇ ਸੰਪਰਕ ਹੋਇਆ ਸੀ। ਟੀਟੂ ਨੇ ਆਪਣੇ ਆਪ ਨੂੰ ਵਿਦੇਸ਼ ਯਾਤਰਾ ਏਜੰਟ ਦੱਸਿਆ ਅਤੇ ਚੰਡੀਗੜ੍ਹ ਸੈਕਟਰ-34ਏ ‘ਚ ਦਫ਼ਤਰ ਹੋਣ ਦਾ ਦਾਅਵਾ ਕੀਤਾ। ਟੀਟੂ ਨੇ ਮਨਜੀਤ ਅਤੇ ਉਸਦੇ ਪਰਿਵਾਰ ਨੂੰ ਪ੍ਰਤੀ ਵਿਅਕਤੀ 10 ਲੱਖ ਰੁਪਏ ਦੇ ਦਰ ‘ਤੇ ਗਰੀਸ ਦਾ ਵੀਜ਼ਾ ਪੈਕੇਜ ਆਫ਼ਰ ਕੀਤਾ। ਮਨਜੀਤ ਅਤੇ ਉਸਦੇ ਪਰਿਵਾਰ ਨੇ ਕੁੱਲ 78 ਲੱਖ ਰੁਪਏ ਟੀਟੂ ਚੰਦ, ਅਨੁਰਾਗ ਮਲ੍ਹਾ, ਅਰਿਜੀਤ ਕੁਮਾਰ ਅਤੇ ਤਜਿੰਦਰ ਸਿੰਘ ਦੇ ਖਾਤਿਆਂ ‘ਚ ਟ੍ਰਾਂਸਫ਼ਰ ਕੀਤੇ। ਇਨ੍ਹਾਂ ਤੋਂ ਇਲਾਵਾ 20 ਲੱਖ ਰੁਪਏ ਨਕਦ ਅਤੇ 5 ਲੱਖ ਰੁਪਏ ਦਿੱਲੀ ਐੰਬੈਸੀ ਦੇ ਨਾਂ ‘ਤੇ ਦਿੱਤੇ ਗਏ।

19 ਸਤੰਬਰ 2022 ਨੂੰ ਜਦ ਉਹ ਆਪਣੇ ਪਰਿਵਾਰ ਦੇ ਨਾਲ ਏਅਰਪੋਰਟ ‘ਤੇ ਪਹੁੰਚੇ, ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਦੇ ਵੀਜ਼ਾ ਨੂੰ ਜਾਅਲੀ ਕਰਾਰ ਦਿੰਦੇ ਹੋਏ ਉਡਾਣ ‘ਚ ਜਾਣ ਤੋਂ ਰੋਕ ਦਿੱਤਾ। ਜਦ ਮਨਜੀਤ ਨੇ ਮੁੜ ਏਜੰਟਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਦਫ਼ਤਰ ਖਾਲੀ ਕਰ ਚੁੱਕੇ ਸਨ। ਸਿਰਫ਼ 50 ਹਜ਼ਾਰ ਰੁਪਏ ਵਾਪਸ ਮਿਲੇ, ਹੋਰ ਕੋਈ ਰਿਫੰਡ ਨਹੀਂ ਮਿਲਿਆ। ਜਦ ਮਨਜੀਤ ਨੇ ਲਗਾਤਾਰ ਪੈਸਿਆਂ ਦੀ ਵਾਪਸੀ ਦੀ ਮੰਗ ਕੀਤੀ, ਤਾਂ ਟੀਟੂ ਨੇ ਉਸਨੂੰ ਧਮਕਾਇਆ ਅਤੇ ਜਾਨੋਂ ਮਾਰਣ ਦੀ ਧਮਕੀ ਵੀ ਦਿੱਤੀ। ਇਹ ਧਮਕੀ ਟੈਲੀਫ਼ੋਨ ‘ਤੇ ਦਿੱਤੀ ਗਈ ਸੀ ਜਿਸਦੀ ਰਿਕਾਰਡਿੰਗ ਪੁਲਿਸ ਨੂੰ ਸੌਂਪੀ ਗਈ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਮੁਲਜ਼ਮ ਸਿਰਫ਼ ਮਨਜੀਤ ਹੀ ਨਹੀਂ, ਬਲਕਿ ਦਰਜਨਾਂ ਹੋਰ ਲੋਕਾਂ ਨੂੰ ਵੀ ਜਾਲੀ ਦਸਤਾਵੇਜ਼ਾਂ ਰਾਹੀਂ ਠੱਗ ਚੁੱਕੇ ਹਨ। ਮੁਲਜ਼ਮ ਵਿਦੇਸ਼ੀ ਵੀਜ਼ਾ ਅਤੇ ਯਾਤਰਾ ਦਸਤਾਵੇਜ਼ ਬਣਾਉਣ ਦੇ ਬਹਾਨੇ ਨਾਲ ਨਕਲੀ ਪਾਸਪੋਰਟ, ਟਿਕਟ ਅਤੇ ਵੀਜ਼ਾ ਦਿੰਦੇ ਸਨ। ਪੁਲਿਸ ਨੇ ਸੈਕਟਰ 34 ਥਾਣੇ ‘ਚ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਅਨੁਸਾਰ ਅਰਿਜੀਤ ਕੁਮਾਰ ਖ਼ਿਲਾਫ਼ ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ‘ਚ ਕੁੱਲ 8 ਠੱਗੀ ਦੇ ਮਾਮਲੇ ਦਰਜ ਹਨ, ਜਦਕਿ ਹਰਮੀਤ ਸਿੰਘ ‘ਤੇ ਪੰਜਾਬ ਅਤੇ ਚੰਡੀਗੜ੍ਹ ‘ਚ 5 ਕੇਸ ਦਰਜ ਹਨ। ਹੁਣ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਕੀ ਇਹ ਮੁਲਜ਼ਮ ਹੋਰ ਅੰਤਰਰਾਸ਼ਟਰੀ ਗਿਰੋਹਾਂ ਨਾਲ ਸੰਪਰਕ ‘ਚ ਰਹੇ ਹਨ ਅਤੇ ਕਿਸ-ਕਿਸ ਮਾਮਲੇ ‘ਚ ਜਾਅਲੀ ਦਸਤਾਵੇਜ਼ ਸਪਲਾਈ ਕੀਤੇ ਗਏ ਹਨ।