ਖ਼ਾਲਿਸਤਾਨ ਦੇ ਆਲੋਚਕ ਸੁੱਖੀ ਚਾਹਲ ਦੀ ਸ਼ੱਕੀ ਹਾਲਤ ’ਚ ਮੌਤ
ਕੈਲੀਫੋਰਨੀਆ : ਖ਼ਾਲਿਸਤਾਨੀ ਵੱਖਵਾਦ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਰਹੇ ਅਮਰੀਕਾ ਦੇ ਕਾਰੋਬਾਰੀ ਤੇ ਸਮਾਜਿਕ ਕਾਰਕੁੰਨ ਸੁੱਖੀ ਚਾਹਲ ਦੀ ਇੱਥੇ ਸ਼ੱਕੀ ਹਾਲਤ ’ਚ ਮੌਤ ਹੋ ਗਈ। ਚਾਹਲ ਵਿਦੇਸ਼ਾਂ ’ਚ ਸਰਗਰਮ ਖ਼ਾਲਿਸਤਾਨੀ ਤੱਤਾਂ ਦੇ ਪ੍ਰਮੁੱਖ ਆਲੋਚਕ ਸਨ। ਉਨ੍ਹਾਂ ਦੇ ਕਰੀਬੀ ਮਿੱਤਰ ਜਸਪਾਲ ਸਿੰਘ ਮੁਤਾਬਕ ਚਾਹਲ ਨੇ ਵੀਰਵਾਰ ਨੂੰ ਕੈਲੀਫੋਰਨੀਆ ’ਚ ਆਪਣੇ ਕਿਸੇ ਇਕ ਜਾਣੂੰ ਦੇ ਘਰ ਰਾਤ ਦਾ ਖਾਣਾ ਖਾਧਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿਗੜ ਗਈ ਤੇ ਉੱਥੇ ਹੀ ਉਨ੍ਹਾਂ ਦੀ ਮੌਤ ਹੋ ਗਈ। ਖਾਣੇ ਤੋਂ ਪਹਿਲਾਂ ਉਹ ਪੂਰੀ ਤਰ੍ਹਾਂ ਸਿਹਤਮੰਦ ਸਨ। ਉਨ੍ਹਾਂ ਦੇ ਇਕ ਦੋਸਤ ਬੂਟਾ ਸਿੰਘ ਕਲੇਰ ਨੇ ਦੱਸਿਆ ਕਿ ਚਾਹਲ ਨੂੰ ਖ਼ਾਲਿਸਤਾਨ ਸਮਰਥਕ ਸਮੂਹਾਂ ਤੋਂ ਲਗਾਤਾਰ ਮੌਤ ਦੀਆਂ ਧਮਕੀਆਂ ਮਿਲ ਰਹੀਆਂ ਸਨ, ਪਰ ਉਹ ਆਪਣੇ ਵਿਚਾਰਾਂ ਪ੍ਰਤੀ ਅਡਿੱਗ ਰਹੇ। ਉਨ੍ਹਾਂ ਦੀ ਮੌਤ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ’ਚ ਖ਼ਾਲਿਸਤਾਨ ਰਾਇਸ਼ੁਮਾਰੀ ਤੋਂ ਠੀਕ ਪਹਿਲਾਂ ਹੋਈ ਹੈ, ਜਿਸਦਾ ਉਹ ਸਰਗਰਮ ਵਿਰੋਧ ਕਰ ਰਹੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।