ਅਮਰੀਕਾ ਸ਼ਗੂਫੇ ਤੋਂ ਵੱਧ ਨਹੀਂ ਹੈ ਟਰੰਪ ਦੀ ਪਾਕਿਸਤਾਨ ’ਚ ਤੇਲ ਲੱਭਣ ਦੀ ਗੱਲ, ਇਮਰਾਨ ਦਾ ਜਨਤਕ ਐਲਾਨ ਵੀ ਨਿਕਲਿਆ ਝੂਠਾ
ਨਵੀਂ ਦਿੱਲੀ –ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਾਕਿਸਤਾਨ ਵਿਚ ਤੇਲ ਦੀ ਭਾਲ ਬਾਰੇ ਕੀਤਾ ਗਿਆ ਦਾਅਵਾ ਇਕ ਸ਼ਗੂਫੇ ਤੋਂ ਵੱਧ ਕੁਝ ਨਹੀਂ ਜਾਪਦਾ। ਟਰੰਪ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਉਨ੍ਹਾਂ ਤੋਂ ਪਹਿਲਾਂ ਫ਼ੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਅਤੇ ਫ਼ੌਜੀ ਤਾਨਾਸ਼ਾਹ ਜੀਆ-ਉਲ-ਹੱਕ ਨੇ ਵੀ ਆਪੋ-ਆਪਣੇ ਕਾਰਜਕਾਲ ਦੌਰਾਨ ਪਾਕਿਸਤਾਨ ਵਿਚ ਪੈਟਰੋਲੀਅਮ ਦੇ ਵੱਡੇ ਭੰਡਾਰ ਲੱਭਣ ਦਾ ਦਾਅਵਾ ਕੀਤਾ ਸੀ ਪਰ ਇਹ ਦਾਅਵਾ ਕਦੇ ਵੀ ਹਕੀਕਤ ਨਹੀਂ ਬਣ ਸਕਿਆ। ਇਹ ਵੀ ਹੈਰਾਨੀਜਨਕ ਤੱਥ ਹੈ ਕਿ ਅੰਤਰਰਾਸ਼ਟਰੀ ਊਰਜਾ ਫੋਰਮ (ਆਈਈਐੱਫ), ਬ੍ਰਿਟਿਸ਼ ਪੈਟਰੋਲੀਅਮ, ਓਪੇਕ ਵਰਗੀ ਕਿਸੇ ਵੀ ਏਜੰਸੀ ਦੁਆਰਾ ਅੱਜ ਤੱਕ ਕਿਸੇ ਵੀ ਰਿਪੋਰਟ ਵਿਚ ਪਾਕਿਸਤਾਨ ਵਿਚ ਕਿਸੇ ਵੀ ਮਹੱਤਵਪੂਰਨ ਪੈਟਰੋਲੀਅਮ ਭੰਡਾਰ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ ਇਨ੍ਹਾਂ ਏਜੰਸੀਆਂ ਦੀਆਂ ਕਈ ਪਿਛਲੀਆਂ ਰਿਪੋਰਟਾਂ ਵਿਚ, ਭਾਰਤ ਵਿਚ ਹੁਣ ਤੱਕ ਕੀਤੀਆਂ ਗਈਆਂ ਖੋਜਾਂ ਦੇ ਆਧਾਰ ‘ਤੇ ਇੱਥੇ 4.73 ਅਰਬ ਬੈਰਲ ਕੱਚੇ ਤੇਲ ਅਤੇ 1138.6 ਅਰਬ ਘਣ ਮੀਟਰ ਗੈਸ ਦੀ ਮੌਜੂਦਗੀ ਬਾਰੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਵਿਗਿਆਨਕ ਦਾਅਵੇ ਨੂੰ ਜਾਇਜ਼ ਠਹਿਰਾਇਆ ਗਿਆ ਹੈ। ਸਾਲ 2024 ਵਿਚ ਐੱਸਐਂਡਪੀ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਭਾਰਤ ਦੇ ਚਾਰ ਨਵੇਂ ਤੇਲ ਬਲਾਕਾਂ ਮਹਾਨਦੀ, ਅੰਡੇਮਾਨ, ਬੰਗਾਲ ਅਤੇ ਕੇਰਲ-ਕੋਂਕਣ ਵਿਚ 22 ਅਰਬ ਬੈਰਲ ਕੱਚਾ ਤੇਲ ਹੋਵੇਗਾ। ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਜਾਗਰਣ ਸਮੂਹ ਨੂੰ ਦੱਸਿਆ, “ਸ਼ਾਇਦ ਅਮਰੀਕੀ ਰਾਸ਼ਟਰਪਤੀ ਤੋਂ ਇਲਾਵਾ ਕੋਈ ਹੋਰ ਨਹੀਂ ਹੋਵੇਗਾ ਜੋ ਪੱਕਾ ਵਿਸ਼ਵਾਸ ਕਰੇਗਾ ਕਿ ਪਾਕਿਸਤਾਨ ਕੋਲ ਵੱਡੇ ਤੇਲ ਭੰਡਾਰ ਹਨ। ਘੱਟੋ-ਘੱਟ ਅਮਰੀਕੀ ਤੇਲ ਕੰਪਨੀਆਂ ਨਹੀਂ ਕਰਦੀਆਂ। ਜੇਕਰ ਉਹ ਇਸ ਗੱਲ ‘ਤੇ ਵਿਸ਼ਵਾਸ ਕਰਦੀਆਂ, ਤਾਂ ਉਹ ਪਾਕਿਸਤਾਨੀ ਬਾਜ਼ਾਰ ਨੂੰ ਨਹੀਂ ਛੱਡਦੀਆਂ। ਦਰਅਸਲ, ਪਾਕਿਸਤਾਨੀ ਮੀਡੀਆ ਵੀ ਇਸ ‘ਤੇ ਵਿਸ਼ਵਾਸ ਨਹੀਂ ਕਰਦਾ, ਇਸੇ ਲਈ ਉੱਥੋਂ ਦੇ ਇੱਕ ਵੱਡੇ ਅਖ਼ਬਾਰ ਨੇ ਸ਼ੁੱਕਰਵਾਰ ਨੂੰ ਲਿਖਿਆ ਕਿ ਪਾਕਿਸਤਾਨ ਵਿਚ ਵੱਡੇ ਤੇਲ ਭੰਡਾਰ ਲੱਭਣਾ ਇਕ ਕਲਪਨਾ ਹੈ।” ਰਾਸ਼ਟਰਪਤੀ ਟਰੰਪ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਅਮਰੀਕੀ ਤੇਲ ਕੰਪਨੀਆਂ ਨੇ ਪਾਕਿਸਤਾਨ ਵਿਚ ਵੱਡੇ ਤੇਲ ਭੰਡਾਰ ਲੱਭਣ ਲਈ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਉਨ੍ਹਾਂ ਨੇ ਪਾਕਿਸਤਾਨ ਵਿਚ ਕੱਢੇ ਗਏ ਤੇਲ ਨੂੰ ਭਾਰਤ ਨੂੰ ਵੇਚਣ ਬਾਰੇ ਵੀ ਗੱਲ ਕੀਤੀ ਹੈ।
ਊਰਜਾ ਖੇਤਰ ਦੇ ਇਕ ਮੁੱਖ ਮਾਹਿਰ ਅਤੇ ਭਾਜਪਾ ਨੇਤਾ ਨਰਿੰਦਰ ਤਨੇਜਾ ਨੇ ਜਾਗਰਣ ਨੂੰ ਦੱਸਿਆ, “ਤੇਲ ਜਗਤ ਵਿਚ ਇਕ ਕਹਾਵਤ ਹੈ ਕਿ ਇਥੇ ਤੇਲ 80 ਫ਼ੀਸਦੀ ਰਾਜਨੀਤਿਕ ਹੈ। ਪਰ ਜਿਸ ਤਰ੍ਹਾਂ ਟਰੰਪ ਪਾਕਿਸਤਾਨ ਵਿਚ ਤੇਲ ਭੰਡਾਰਾਂ ਬਾਰੇ ਗੱਲ ਕਰ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਇਥੇ 99 ਫ਼ੀਸਦੀ ਰਾਜਨੀਤੀ ਹੋ ਰਹੀ ਹੈ। ਤੇਲ ਜਗਤ ਵਿਚ ਕੋਈ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਦਰਅਸਲ, ਪਾਕਿਸਤਾਨ ਸਰਕਾਰ ਪਿਛਲੇ ਇਕ ਸਾਲ ਤੋਂ ਦੁਨੀਆ ਭਰ ਵਿਚ ਘੁੰਮ ਰਹੀ ਹੈ ਅਤੇ ਦੱਸ ਰਹੀ ਹੈ ਕਿ ਉਸ ਨੂੰ ਵੱਡੇ ਤੇਲ ਭੰਡਾਰ ਮਿਲੇ ਹਨ, ਪਰ ਇਹ ਕਿੱਥੇ ਮਿਲੇ ਹਨ, ਕਿੰਨਾ ਭੰਡਾਰ ਹੈ, ਇਹ ਕਿੰਨਾ ਪ੍ਰਮਾਣਿਕ ਹੈ, ਇਸ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ। ਤੇਲ ਦੀ ਦੁਨੀਆ ਵਿਚ ਇਨ੍ਹਾਂ ਦਾਅਵਿਆਂ ਦੀ ਕੋਈ ਅਹੀਮੀਅਤ ਨਹੀਂ ਹੈ। ਪਿਛਲੇ 20 ਸਾਲਾਂ ਵਿਚ, ਪਾਕਿਸਤਾਨ ਵਿਚ ਕਈ ਵਾਰ ਵੱਡੇ ਤੇਲ ਜਾਂ ਕੁਦਰਤੀ ਗੈਸ ਭੰਡਾਰ ਲੱਭਣ ਦੀਆਂ ਗੱਲਾਂ ਹੋਈਆਂ ਹਨ, ਪਰ ਇਹ ਕਦੇ ਸਾਬਤ ਨਹੀਂ ਹੋਇਆ। ਖੋਜ ਵਿਚ ਨਾਕਾਮ ਰਹਿਣ ਤੋਂ ਬਾਅਦ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਉੱਥੋਂ ਚਲੀਆਂ ਗਈਆਂ ਹਨ।”
ਮਾਰਚ 2019 ਵਿਚ, ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਵੱਡੇ ਜਨਤਕ ਸਮਾਗਮ ਵਿਚ ਦਾਅਵਾ ਕੀਤਾ ਸੀ, ‘ਪਾਕਿਸਤਾਨ ਵਿਚ ਕਰਾਚੀ ਦੇ ਨੇੜੇ ਇਕ ਬਹੁਤ ਵੱਡਾ ਭੰਡਾਰ ਲੱਭਿਆ ਗਿਆ ਹੈ। ਪੂਰੇ ਦੇਸ਼ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਮੈਂ ਜਲਦੀ ਹੀ ਪੂਰੇ ਦੇਸ਼ ਨੂੰ ਇਸ ਬਾਰੇ ਖ਼ੁਸ਼ਖਬਰੀ ਦੇਵਾਂਗਾ। ਇਹ ਭੰਡਾਰ ਇੰਨਾ ਵੱਡਾ ਹੋਵੇਗਾ ਕਿ ਸਾਨੂੰ ਬਾਹਰੋਂ ਗੈਸ ਦਰਾਮਦ ਕਰਨ ਦੀ ਜ਼ਰੂਰਤ ਨਹੀਂ ਪਵੇਗੀ।’ ਜਿਸ ਗੈਸ ਬਲਾਕ ਬਾਰੇ ਤਤਕਾਲੀ ਪ੍ਰਧਾਨ ਮੰਤਰੀ ਗੱਲ ਕਰ ਰਹੇ ਸਨ, ਉਸ ਦੀ ਖੁਦਾਈ ਅਮਰੀਕੀ ਕੰਪਨੀ ਐਕਸੋਨਮੋਬਿਲ ਅਤੇ ਇਟਲੀ ਦੀ ਪੈਟਰੋਲੀਅਮ ਕੰਪਨੀ ਈਐੱਨਆਈ ਵੱਲੋਂ ਕੀਤੀ ਜਾ ਰਹੀ ਸੀ। ਇਸ ਤੋਂ ਸਿਰਫ਼ ਤਿੰਨ ਮਹੀਨੇ ਬਾਅਦ ਉਸ ਬਲਾਕ ਵਿਚ ਕੁਝ ਵੀ ਨਹੀਂ ਮਿਲਿਆ ਜਿੱਥੇ ਖੁਦਾਈ ਅਤੇ ਖੋਜ ਦਾ ਕੰਮ ਚੱਲ ਰਿਹਾ ਸੀ ਅਤੇ ਹੁਣ ਕੰਮ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਤੋਂ ਬਾਅਦ ਕਰਾਚੀ ਦੇ ਸਮੁੰਦਰੀ ਖੇਤਰ ਵਿਚ ਤੇਲ ਦੀ ਖੋਜ ਲਈ ਤੁਰਕੀ ਦੇ ਸਹਿਯੋਗ ਨਾਲ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। 2016 ਵਿਚ ਪਾਕਿਸਤਾਨ ਸਰਕਾਰ ਦੀ ਅਧਿਕਾਰਤ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਸ ਕੋਲ 35.5 ਕਰੋੜ ਬੈਰਲ ਦਾ ਪ੍ਰਮਾਣਿਤ ਤੇਲ ਭੰਡਾਰ ਹੈ, ਜਦੋਂ ਕਿ ਭਾਰਤ ਕੋਲ 4.73 ਅਰਬ ਬੈਰਲ ਦਾ ਪ੍ਰਮਾਣਿਤ ਭੰਡਾਰ ਹੈ। ਅਸਲੀਅਤ ਵਿਚ ਪਾਕਿਸਤਾਨ ਦਾ ਤੇਲ ਉਤਪਾਦਨ ਲਗਾਤਾਰ ਘਟ ਰਿਹਾ ਹੈ।
