Global

ਖਾਣਾ ਲੈਣ ਆਏ ਫ਼ਲਸਤੀਨੀਆਂ ’ਤੇ ਮੁੜ ਫਾਇਰਿੰਗ, 91 ਮਰੇ; 600 ਤੋਂ ਵੱਧ ਜ਼ਖ਼ਮੀ, ਦਰਜਨਾਂ ਦੀ ਹਾਲਤ ਗੰਭੀਰ

ਯੇਰੂਸ਼ਲਮ – ਗਾਜ਼ਾ ’ਚ ਖ਼ੁਰਾਕ ਸਮੱਗਰੀ ਦੀ ਕਿੱਲਤ ਦੀ ਸਮੱਸਿਆ ਗੰਭੀਰ ਹੋ ਗਈ ਹੈ। ਫ਼ਲਸਤੀਨੀਆਂ ਤੱਕ ਖ਼ੁਰਾਕ ਸਮੱਗਰੀ ਨਾ ਪਹੁੰਚ ਪਾਉਣ ਤੇ ਲੈਣ ਪਹੁੰਚ ਰਹੇ ਲੋਕਾਂ ’ਤੇ ਫਾਇਰਿੰਗ ’ਚ 1200 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਵਿਸ਼ਵ ਭਰ ’ਚ ਨਿੰਦਾ ਹੋ ਰਹੀ ਹੈ। ਰਾਹਤ ਸਮੱਗਰੀ ਲੈਣ ਪਹੁੰਚੇ ਲੋਕਾਂ ’ਤੇ ਇਜ਼ਰਾਇਲੀ ਫ਼ੌਜੀਆਂ ਦੀ ਤਾਜ਼ਾ ਫਾਇਰਿੰਗ ’ਚ 91 ਲੋਕ ਮਾਰੇ ਗਏ ਹਨ ਤੇ 600 ਤੋਂ ਵੱਧ ਜ਼ਖ਼ਮੀ ਹੋਏ ਹਨ। ਹਾਲਤ ਵਿਗੜਦੀ ਦੇਖ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਹਤ ਸਮੱਗਰੀ ਦੀ ਸਪਲਾਈ ’ਤੇ ਗੱਲ ਕਰਨ ਲਈ ਵਿਸ਼ੇਸ਼ ਦੂਤ ਸਟੀਵ ਵਿਟਕਾਫ ਨੂੰ ਇਜ਼ਰਾਈਲ ਭੇਜਿਆ ਹੈ।

ਮ੍ਰਿਤਕਾਂ ’ਚੋਂ 54 ਲੋਕ ਉੱਤਰੀ ਗਾਜ਼ਾ ਦੇ ਜਿਕਿਮ ਕ੍ਰਾਸਿੰਗ ’ਤੇ ਮਾਰੇ ਗਏ, ਜਿਥੇ ਉਹ ਰਾਹਤ ਸਮੱਗਰੀ ਦੇ ਟਰੱਕਾਂ ਦੀ ਉਡੀਕ ਕਰ ਰਹੇ ਸਨ ਤਾਂਕਿ ਉਨ੍ਹਾਂ ਨੂੰ ਜਲਦ ਸਮੱਗਰੀ ਮਿਲ ਸਕੇ। ਇਜ਼ਰਾਇਲੀ ਫ਼ੌਜ ਨੇ ਕਿਹਾ ਹੈ ਕਿ ਭੀੜ ਨੇ ਟਰੱਕਾਂ ਨੂੰ ਘੇਰ ਲਿਆ ਸੀ। ਅਜਿਹੇ ਹਾਲਾਤ ਨੂੰ ਕਾਬੂ ’ਚ ਕਰਨ ਲਈ ਉਸਨੇ ਸਿਰਫ ਹਵਾ ’ਚ ਗੋਲ਼ੀਆਂ ਚਲਾਈਆਂ ਸਨ। ਇਸ ਫਾਇਰਿੰਗ ’ਚ ਕਿਸੇ ਦੇ ਮਾਰੇ ਜਾਂ ਜ਼ਖ਼ਮੀ ਹੋਣ ਦੀ ਉਸ ਨੂੰ ਜਾਣਕਾਰੀ ਨਹੀਂ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ ਜ਼ਖ਼ਮੀ ਹੋਏ ਬਹੁਤ ਸਾਰੇ ਲੋਕਾਂ ਦੀ ਹਾਲਤ ਗੰਭੀਰ ਹੈ, ਇਸ ਲਈ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਗਾਜ਼ਾ ’ਚ ਕੁਝ ਮਹੀਨਿਆਂ ਤੋਂ ਇਜ਼ਰਾਈਲ ਦੀਆਂ ਕਾਰਵਾਈਆਂ ਨਾਲ ਉਸਦੇ ਸਹਿਯੋਗੀ ਦੇਸ਼ ਹੀ ਅਸਹਿਮਤੀ ਪ੍ਰਗਟਾਅ ਰਹੇ ਹਨ। ਇਜ਼ਰਾਈਲ ਦੇ ਸਭ ਤੋਂ ਵੱਡੇ ਸਹਿਯੋਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਾਜ਼ਾ ਦੇ ਹਾਲਾਤ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਤੇ ਹੁਣ ਵਿਸ਼ੇਸ਼ ਦੂਤ ਇਜ਼ਰਾਈਲ ਭੇਜਿਆ ਹੈ। ਰਵਾਇਤੀ ਤੌਰ ’ਤੇ ਇਜ਼ਰਾਈਲ ਦੇ ਨੇੜਲੇ ਸਹਿਯੋਗੀ ਰਹੇ ਜਰਮਨੀ ਨੇ ਇਜ਼ਰਾਈਲ ਦੀ ਹਾਲ ਹੀ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ।