ਭਾਰਤ ਦੇ ਦ੍ਰਿੜ੍ਹ ਰੁਖ਼ ਨਾਲ ਵਿਗੜੇ ਅਮਰੀਕੀ ਰਾਸ਼ਟਰਪਤੀ ਦੇ ਬੋਲ
ਨਵੀਂ ਦਿੱਲੀ – ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਬੇਯਕੀਨਾ ਵਿਵਹਾਰ ਕਰਨ ਵਾਲਾ ਨੇਤਾ ਕਿਉਂ ਕਿਹਾਂ ਜਾਂਦਾ ਹੈ। ਭਾਰਤੀ ਦਰਾਮਦ ’ਤੇ ਇਕ ਅਗਸਤ ਤੋਂ 25 ਫ਼ੀਸਦੀ ਟੈਰਿਫ ਤੇ ਇਸਦੇ ਨਾਲ ਪੈਨਲਟੀ ਲਗਾਉਣ ਦੇ ਐਲਾਨ ਤੋਂ ਬਾਅਦ ਵੀਰਵਾਰ ਨੂੰ ਰਾਸ਼ਟਰਪਤੀ ਟਰੰਪ ਨੇ ਭਾਰਤ ਤੇ ਰੂਸ ਦੇ ਸਬੰਧਾਂ ’ਤੇ ਬੇਹੱਦ ਇਤਰਾਜ਼ਯੋਗ ਟਿੱਪਣੀ ਕੀਤੀ। ਇਹੀ ਨਹੀਂ, ਅੱਤਵਾਦ ਨੂੰ ਆਸਰਾ ਦੇਣ ਵਾਲੇ ਪਾਕਿਸਤਾਨ ਨਾਲ ਕਾਰੋਬਾਰੀ ਸਮਝੌਤੇ ਦਾ ਐਲਾਨ ਕਰਨ ਦੇ ਨਾਲ ਹੀ ਟਰੰਪ ਨੇ ਅਮਰੀਕੀ ਕੰਪਨੀਆਂ ਵੱਲੋਂ ਪਾਕਿਸਤਾਨ ’ਚੋਂ ਕੱਢੇ ਗਏ ਤੇਲ ਦੀ ਵਿਕਰੀ ਭਾਰਤ ਨੂੰ ਕਰਨ ਦੇ ਸਬੰਧ ’ਚ ਤਨਜ਼ ਵੀ ਕੱਸੇ। ਟਰੰਪ ਦੇ ਇਨ੍ਹਾਂ ਬਿਆਨਾਂ ’ਤੇ ਭਾਰਤ ਦਾ ਕੋਈ ਬਿਆਨ ਨਹੀਂ ਆਇਆ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਕਾਰੋਬਾਰੀ ਸਮਝੌਤੇ ’ਚ ਭਾਰਤ ਨੇ ਜਿਸ ਤਰ੍ਹਾਂ ਅਮਰੀਕੀ ਦਬਾਅ ਦੀ ਅਣਦੇਖੀ ਕੀਤੀ ਹੈ, ਉਸ ਨੂੰ ਦੇਖ ਕੇ ਹੀ ਰਾਸ਼ਟਰਪਤੀ ਟਰੰਪ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ। ਅਜਿਹੇ ਬਿਆਨ ਨੂੰ ਦੋਵਾਂ ਦੇਸ਼ਾਂ ਦੇ ਰਣਨੀਤਕ ਸਬੰਧਾਂ ਖ਼ਿਲਾਫ਼ ਵੀ ਮੰਨਿਆ ਜਾ ਰਿਹਾ ਹੈ। ਟਰੁੱਥ ਸੋਸ਼ਲ ’ਤੇ ਟਰੰਪ ਨੇ ਲਿਖਿਆ, ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਭਾਰਤ ਰੂਸ ਨਾਲ ਕੀ ਕਰਦਾ ਹੈ। ਉਹ ਦੋਵੇਂ ਆਪਣੇ ਮਰੇ ਅਰਥਚਾਰੇ ਨੂੰ ਇਕੱਠੇ ਡੁਬੋ ਸਕਦੇ ਹਨ। ਮੈਨੂੰ ਇਸਦੀ ਕੋਈ ਚਿੰਤਾ ਨਹੀਂ। ਅਸੀਂ ਭਾਰਤ ਨਾਲ ਬਹੁਤ ਹੀ ਘੰਟ ਕਾਰੋਬਾਰ ਕੀਤਾ ਹੈ। ਉਸਦਾ ਟੈਰਿਫ ਬਹੁਤ ਜ਼ਿਆਦਾ ਹੈ। ਇਸੇ ਤਰ੍ਹਾਂ ਰੂਸ ਤੇ ਅਮਰੀਕਾ ਵਿਚਾਲੇ ਕੋਈ ਕਾਰੋਬਾਰ ਨਹੀਂ ਹੁੰਦਾ। ਇਸ ਨੂੰ ਇਸੇ ਤਰ੍ਹਾਂ ਹੀ ਰਹਿਣ ਦਿੱਤਾ ਜਾਵੇ। ਇਸ ਟਿੱਪਣੀ ਦੀ ਭਾਸ਼ਾ ਯਕੀਨੀ ਤੌਰ ’ਤੇ ਉਹੀ, ਜਿਹੜੀ ਰਾਸ਼ਟਰਪਤੀ ਟਰੰਪ ਦੀ ਹੁੰਦੀ ਹੈ ਪਰ ਇਸ ਨਾਲ ਸਾਫ਼ ਹੈ ਕਿ ਉਹ ਭਾਰਤ ਨਾਲ ਕਾਰੋਬਾਰੀ ਤੇ ਰਣਨੀਤਕ ਸਬੰਧਾਂ ਦਾ ਕੋਈ ਲਿਹਾਜ਼ ਨਹੀਂ ਕਰ ਰਹੇ। ਨਾਲ ਹੀ ਭਾਰਤੀ ਅਰਥਚਾਰੇ ਨੂੰ ਲੈ ਕੇ ਉਨ੍ਹਾਂ ਦਾ ਬਿਆਨ ਸੱਚਾਈ ਤੋਂ ਕਾਫੀ ਦੂਰ ਹੈ। ਵਿਸ਼ਵ ਬੈਂਕ, ਆਈਐੱਮਐੱਫ, ਏਡੀਬੀ, ਐੱਸ ਐਂਡ ਪੀ, ਮੂਡੀਜ਼, ਮੋਰਗਨ ਸਟੈਨਲੇ ਵਰਗੀਆਂ ਬਹੁਰਾਸ਼ਟਰੀ ਏਜੰਸੀਆਂ ਨੇ ਆਪਣੀਆਂ ਰਿਪੋਰਟਾਂ ’ਚ ਸਾਲ 2025 ’ਚ ਵੀ ਭਾਰਤ ਨੂੰ ਦੁਨੀਆ ਦੇ ਅਹਿਮ ਅਰਥਚਾਰਿਆਂ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਦੇਸ਼ ਬਣੇ ਰਹਿਣ ਦਾ ਅੰਦਾਜ਼ਾ ਲਗਾਇਆ ਹੈ। ਇਨ੍ਹਾਂ ਏਜੰਸੀਆਂ ਦੇ ਅਨੁਸਾਰ, 2025-26 ’ਚ ਭਾਰਤ ਦੀ ਆਰਥਿਕ ਵਿਕਾਸ ਦਰ 6.4 ਤੋਂ 6.8 ਫ਼ੀਸਦੀ ਵਿਚਾਲੇ ਰਹਿਣ ਵਾਲੀ ਹੈ। ਇਹ ਅਮਰੀਕਾ ਦੀ ਸੰਭਾਵੀ ਵਿਕਾਸ ਦਰ ਦੇ ਮੁਕਾਬਲੇ ਦੁੱਗਣੀ ਹੈ। ਵਿਸ਼ਵ ਬੈਂਕ ਦੇ ਅੰਕੜੇ ਦੱਸਦੇ ਹਨ ਕਿ ਸਾਲ 2023 ਤੇ 2024 ’ਚ ਦੁਨੀਆ ਦੀ ਆਰਥਿਕ ਤਰੱਕੀ ’ਚ ਭਾਰਤੀ ਅਰਥਚਾਰੇ ਦਾ ਹਿੱਸਾ 15 ਫ਼ੀਸਦੀ ਤੋਂ ਵੱਧ ਦਾ ਸੀ। ਭਾਰਤੀ ਅਰਥਚਾਰੇ ਦਾ ਆਕਾਰ 3.8 ਅਰਬ ਡਾਲਰ ਦੇ ਕਰੀਬ ਹੈ ਤੇ ਇਹ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਅਰਥਚਾਰਾ ਹੈ। ਟਰੰਪ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਰੂਸ ਨਾਲ ਜ਼ਿਆਦਾ ਕਾਰੋਬਾਰ ਕਰਦਾ ਹੈ, ਜਦਕਿ ਅਮਰੀਕਾ ਤੇ ਭਾਰਤ ਬਹੁਤ ਘੱਟ ਟਰੇਡ ਕਰਦੇ ਹਨ। ਇਹ ਗੱਲ ਵੀ ਪੂਰੀ ਤਰ੍ਹਾਂ ਗ਼ਲਤ ਹੈ। 2024-25 ’ਚ ਭਾਰਤ ਤੇ ਰੂਸ ਦਾ ਦੁਵੱਲਾ ਵਪਾਰ 68.7 ਅਰਬ ਡਾਲਰ ਦਾ ਰਿਹਾ ਸੀ, ਜਿਸ ਵਿਚ 85 ਫ਼ੀਸਦੀ ਹਿੱਸਾ ਰੱਖਿਆ ਤੇ ਊਰਜਾ (ਤੇਲ ਤੇ ਗੈਸ) ਦਾ ਹੈ। ਦੂਜੇ ਪਾਸੇ, ਬੀਤੇ ਸਾਲ ਭਾਰਤ ਤੇ ਅਮਰੀਕਾ ਦਾ ਦੁਵੱਲਾ ਕਾਰੋਬਾਰ 131 ਅਰਬ ਡਾਲਰ ਸੀ। ਭਾਰਤ ਤੇ ਅਮਰੀਕਾ ਵਿਚਾਲੇ ਕਾਰੋਬਾਰ ਵੱਡੇ ਪੱਧਰ ’ਤੇ ਹੈ, ਜਦਕਿ ਰੂਸ ਤੇ ਭਾਰਤ ਦਾ ਕਾਰੋਬਾਰ ਕਮੋਬੇਸ਼ ਰੱਖਿਆ ਉਤਪਾਦਾਂ ਤੇ ਤੇਲ ਤੇ ਗੈਸ ਤੱਕ ਹੀ ਸੀਮਤ ਹੈ। ਇਸੇ ਸਾਲ ਫਰਵਰੀ ’ਚ ਜਦੋਂ ਪੀਐੱਮ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਟਰੰਪ ਵਿਚਾਲੇ ਵਾਸ਼ਿੰਗਟਨ ’ਚ ਮੁਲਾਕਾਤ ਹੋਈ ਸੀ, ਉਦੋਂ ਦੁਵੱਲਾ ਕਾਰੋਬਾਰੀ ਸਮਝੌਤਾ (ਬੀਆਈਟੀ) ਕਰਨ ’ਤੇ ਸਹਿਮਤੀ ਬਣੀ ਸੀ ਤੇ ਦੁਵੱਲੇ ਕਾਰੋਬਾਰ ਨੂੰ 500 ਅਰਬ ਡਾਲਰ ਕਰਨ ’ਤੇ ਗੱਲ ਹੋਈ ਸੀ।
