Sports

ਭਾਰਤ ਨਾਲ ਹੋਈ ਬੇਇਨਸਾਫ਼ੀ ! 30-35 ਓਵਰ ਪੁਰਾਣੀ ਗੇਂਦ ਦਿੱਤੇ ਜਾਣ ‘ਤੇ ਗਿੱਲ ਬ੍ਰਿਗੇਡ ਹੋਏ ਨਾਰਾਜ਼; ICC ਨੂੰ ਕੀਤੀ ਸ਼ਿਕਾਇਤ

ਨਵੀਂ ਦਿੱਲੀ – ਭਾਰਤ ਤੇ ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਟੈਸਟ ਸੀਰੀਜ਼ ’ਚ ਡਿਊਕਸ ਗੇਂਦ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਅਕਸਰ ਲਗਪਗ 10 ਓਵਰਾਂ ਦੇ ਅੰਦਰ ਗੇਂਦ ਬਹੁਤ ਜਲਦੀ ਨਰਮ ਹੋ ਜਾਂਦੀ ਹੈ।

ਇਸ ਕੜੀ ਨੇ ਬਹੁਤ ਧਿਆਨ ਖਿੱਚਿਆ ਜਦੋਂ ਇਸ ਮਹੀਨੇ ਲਾਰਡਜ਼ ਟੈਸਟ ਦੇ ਤੀਜੇ ਦਿਨ ਸਵੇਰ ਦੇ ਸੈਸ਼ਨ ’ਚ ਗੇਂਦ ਨੂੰ ਦੋ ਵਾਰ ਬਦਲਿਆ ਗਿਆ। ਹੁਣ ਖ਼ਬਰ ਸਾਹਮਣੇ ਆਈ ਹੈ ਕਿ ਭਾਰਤੀ ਟੀਮ ਨੇ ਇਸ ਮੁੱਦੇ ‘ਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ’ਚ ਸ਼ਿਕਾਇਤ ਦਰਜ ਕਰਵਾਈ ਹੈ।

ਭਾਰਤ ਅਤੇ ਇੰਗਲੈਂਡ ਵਿਚਕਾਰ ਤੀਜੇ ਟੈਸਟ ਦੇ ਤੀਜੇ ਦਿਨ ਸਵੇਰ ਦੇ ਸੈਸ਼ਨ ’ਚ ਇਕ ਵੱਡਾ ਵਿਵਾਦ ਹੋਇਆ ਜਦੋਂ ਗੇਂਦ ਨੂੰ ਦੋ ਵਾਰ ਬਦਲਿਆ ਗਿਆ। ਭਾਰਤੀ ਟੀਮ ਨੂੰ ਮਿਲੀ ਬਦਲੀ ਗਈ ਗੇਂਦ ਲਗਪਗ 10 ਓਵਰ ਪੁਰਾਣੀ ਹੋਣੀ ਚਾਹੀਦੀ ਸੀ ਪਰ ਅਸਲ ’ਚ ਉਹ 30-35 ਓਵਰ ਪੁਰਾਣੀ ਸੀ।

ਅੰਪਾਇਰਾਂ ਨੇ ਦੱਸਿਆ ਕਿ 10 ਓਵਰ ਪੁਰਾਣੀ ਗੇਂਦ ਉਪਲਬਧ ਨਹੀਂ ਸੀ। ਅਜਿਹੀ ਸਥਿਤੀ ’ਚ ਭਾਰਤੀ ਟੀਮ ਨੂੰ 30 ਓਵਰ ਪੁਰਾਣੀ ਗੇਂਦ ਨਾਲ ਗੇਂਦਬਾਜ਼ੀ ਕਰਨ ’ਚ ਬਹੁਤ ਮੁਸ਼ਕਲ ਆਈ, ਜੋ ਆਪਣੀ ਕਠੋਰਤਾ ਅਤੇ ਸ਼ਕਲ ਗੁਆ ਚੁੱਕੀ ਸੀ। ਟੀਮ ਇੰਡੀਆ ਇਹ ਮੈਚ 22 ਦੌੜਾਂ ਨਾਲ ਹਾਰ ਗਈ ਸੀ।

ਹੁਣ ਇਸ ਕੜੀ ’ਚ ਭਾਰਤ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਦਖਲ ਲਈ ਇਹ ਮੁੱਦਾ ਉਠਾਇਆ ਹੈ ਅਤੇ ਗੇਂਦ ਨੂੰ ਬਦਲਣ ਦੇ ਨਿਯਮਾਂ ’ਚ ਸੁਧਾਰ ਦੀ ਮੰਗ ਕੀਤੀ ਹੈ।

ESPNcricinfo ਦੀ ਰਿਪੋਰਟ ਅਨੁਸਾਰ, ਦੂਜੀ ਨਵੀਂ ਗੇਂਦ ਔਸਤਨ 1.869 ਡਿਗਰੀ ਸਵਿੰਗ ਕੀਤੀ ਅਤੇ 0.579 ਡਿਗਰੀ ਸੀਮ ਮੂਵਮੈਂਟ ਦਿੱਤੀ। ਦੂਜੇ ਪਾਸੇ ਬਦਲੀ ਗਈ ਗੇਂਦ ਨੇ ਸਿਰਫ 0.855 ਡਿਗਰੀ ਸਵਿੰਗ ਕੀਤੀ, ਹਾਲਾਂਕਿ ਸੀਮ ਮੂਵਮੈਂਟ 0.594 ਡਿਗਰੀ ‘ਤੇ ਲਗਪਗ ਇਕੋ ਜਿਹੀ ਰਹੀ।

ਭਾਰਤੀ ਟੀਮ ਦਾ ਕਹਿਣਾ ਹੈ ਕਿ ICC ਨੂੰ ਇਸ ਨਿਯਮ ਨੂੰ ਬਦਲਣਾ ਚਾਹੀਦਾ ਹੈ ਅਤੇ ਟੀਮ ਨੂੰ ਗੇਂਦ ਦੀ ਉਮਰ ਤੇ ਸਥਿਤੀ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਇਕ ਸਮਝਦਾਰੀ ਵਾਲਾ ਫੈਸਲਾ ਲੈ ਸਕਣ।