Punjab

ਨਸ਼ਾ ਤਸਕਰਾਂ ਤੇ ਪਿੰਡ ਵਾਸੀਆਂ ਖਿ਼ਲਾਫ਼ ਝੜਪ, ਪਿੰਡ ਦਬੁਰਜੀ ‘ਚ ਤਸਕਰਾਂ ਵੱਲੋਂ ਚਲਾਈਆਂ ਗੋਲ਼ੀਆਂ ‘ਚ ਰਾਹਗੀਰ ਜ਼ਖ਼ਮੀ

 ਮਜੀਠਾ – ਹਲਕਾ ਮਜੀਠਾ ਦੇ ਪਿੰਡ ਦਬੁਰਜੀ ਵਿਖੇ ਨਸ਼ਿਆਂ ਨੂੰ ਲੈਕੇ ਦੋ ਗੁੱਟਾਂ ਦੀ ਆਪਸੀ ਲੜਾਈ ਦੌਰਾਨ ਗੋਲ਼ੀਆਂ ਚੱਲਣ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਅਤੇ ਨਾਲ ਹੀ ਇੱਟਾਂ ਰੋੜੇ ਚੱਲਣ ਨਾਲ ਕੁਝ ਹੋਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।

ਪਿੰਡ ਵਾਸੀ ਸਤਪਾਲ ਅਤੇ ਤਲਵਿੰਦਰ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਪਿੰਡ ਵਿਚ ਨਸ਼ਾ ਵੱਡੀ ਪੱਧਰ ‘ਤੇ ਵਿਕਦਾ ਆ ਰਿਹਾ ਹੈ। ਬੁੱਧਵਾਰ ਦੁਪਹਿਰ ਵਕਤ ਦੋ ਗੁੱਟ ਜਿਹੜੇ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ, ਸ਼ੁਭਪ੍ਰੀਤ ਸਿੰਘ ਅਤੇ ਦੂਸਰੀ ਧਿਰ ਕਰਨ ਅਤ਼ੇ ਕਵਲਪ੍ਰੀਤ ਸਿੰਘ ਵਾਸੀਆਨ ਦਬੁਰਜੀ ਜਿਹੜੇ ਕਿ ਨਸ਼ੇ ਦੇ ਕਾਰੋਬਾਰ ਵਿਚ ਲੈਣ ਦੇਣ ਤੋਂ ਆਪਸ ਵਿਚ ਝਗੜ ਪਏ ਅਤੇ ਨੋਬਤ ਗੋਲ਼ੀ ਚੱਲਣ ਤੱਕ ਪਹੁੰਚ ਗਈ । ਉਨ੍ਹਾਂ ਦੇ ਦੱਸਣ ਅਨੁਸਾਰ ਦੋਹਾਂ ਧਿਰਾਂ ਵਲੋਂ ਚੱਲੀ ਗੋਲ਼ੀ ਵਿਚ ਸਤਪਾਲ ਸਿੰਘ ਦਾ ਕਾਮਾ ਜਿਹੜਾ ਕਿ ਖੇਤਾਂ ਵਲੋਂ ਪੱਠੇ ਲੈਕੇ ਆ ਰਿਹਾ ਸੀ ਉਸ ਦੇ ਤਿੰਨ ਗੋਲ਼ੀਆਂ ਇੱਕ ਉਸਦੇ ਕੰਨ ਤੇ, ਦੂਸਰੀ ਮੋਢੇ ਉੱਪਰ ਅਤੇ ਤੀਸਰੀ ਗੋਲ਼ੀ ਉਸਦੇ ਚੂਲੇ ‘ਤੇ ਲੱਗੀ।

ਇਹ ਕੰਮ ਇਥੇ ਹੀ ਨਹੀਂ ਰੁਕਿਆ ਫੇਰ ਦੋਹਾਂ ਧਿਰਾਂ ਵਲੋ ਇੱਕ ਦੂਸਰੇ ਤੇ ਇਟਾਂ ਰੋੜਿਆਂ ਆਦਿ ਨਾਲ ਵੀ ਹਮਲਾ ਕਰ ਦਿੱਤਾ ਗਿਆ। ਜਿਸ ਨਾਲ ਕੁਝ ਵਿਅਕਤੀ ਫੱਟੜ ਹੋ ਗਏ। ਗੋਲ਼ੀ ਲੱਗਣ ਵਾਲੇ ਵਿਅਕਤੀ ਸਵਰਨ ਸਿੰਘ ਪੁੱਤਰ ਅਮਰੀਕ ਸਿੰਘ ਨੂੰ ਮਜੀਠਾ ਦੇ ਸਰਕਾਰੀ ਹਸਤਪਾਲ ਵਿਚ ਇਲਾਜ ਵਾਸਤੇ ਲਿਆਂਦਾ ਗਿਆ ਜਿਥੇ ਉਸਨੂੰ ਮੁੱਢਲੀ ਸਹਾਇਤਾ ਦੇਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।

ਇਸ ਦੌਰਾਨ ਮਜੀਠਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਆਰੰਭ ਦਿਤੀ। ਇਥੇ ਸਤਪਾਲ ਅਤੇ ਪਿੰਡ ਵਾਲਿਆਂ ਨੇ ਇਹ ਵੀ ਜ਼ਿਕਰ ਕੀਤਾ ਕਿ ਬੀਤੇ ਕੱਲ ਵੀ ਇਨ੍ਹਾਂ ਦੋਵੇਂ ਗੁੱਟਾਂ ਦੀ ਆਪਸੀ ਲੈਣ ਦੇਣ ਤੋਂ ਲੜਾਈ ਹੋਈ ਸੀ, ਜਿਸ ਦੀ ਲਿਖਤੀ ਦਰਖਾਸਤ ਥਾਣਾ ਮਜੀਠਾ ਵਿਖੇ ਦਿਤੀ ਸੀ ਪਰ ਮਜੀਠਾ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਗਰ ਪੁਲਿਸ ਨੇ ਉਕਤ ਦਰਖਾਸਤ ‘ਤੇ ਕੋਈ ਠੋਸ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਗੋਲ਼ੀਆਂ ਚੱਲਣ ਦੀ ਨੋਬਤ ਹੀ ਨਹੀਂ ਆਉਣੀ ਸੀ। ਪਿੰਡ ਵਾਸੀਆਂ ਅਨੁਸਾਰ ਉਨ੍ਹਾਂ ਦੇ ਪਿੰਡ ਵਿਚ ਨਸ਼ਾ ਤਸਕਰ ਨਸ਼ਾ ਬੇਖੌਫ ਹੋ ਕੇ ਵੇਚ ਰਹੇ ਹਨ।