Global

ਪਾਕਿਸਤਾਨ ਨੇ ‘ਪਹਿਲਗਾਮ’ ’ਚ ਆਪਣੀ ਭੂਮਿਕਾ ਤੋਂ ਕੀਤਾ ਇਨਕਾਰ

ਤਿਆਨਜਿਨ- ਪਾਕਿਸਤਾਨ ਦੇ ਉੁਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਮੰਗਲਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ’ਚ ਆਪਣੇ ਦੇਸ਼ ਦੀ ਭੂਮਿਕਾ ਤੋਂ ਇਨਕਾਰ ਕੀਤਾ ਅਤੇ ਜੰਗਬੰਦੀ ਲਈ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਨੇ ਭਾਰਤ ਸਮੇਤ ਸਾਰੇ ਗੁਆਂਢੀ ਦੇਸ਼ਾਂ ਨਾਲ ਸ਼ਾਂਤੀ ਤੇ ਸਥਿਰਤਾ ਦੇ ਰਿਸ਼ਤਿਆਂ ਦੀ ਵਕਾਲਤ ਕਰਦਿਆਂ ਕਿਹਾ ਕਿ ਵਿਵਾਦਾਂ ਤੇ ਮਤਭੇਦਾਂ ਦਾ ਹੱਲ ਸੰਘਰਸ਼ ਅਤੇ ਦਬਾਅ ਦੀ ਬਜਾਏ ਗੱਲਬਾਤ ਤੇ ਕੂਟਨੀਤੀ ਨਾਲ ਹੋਣਾ ਚਾਹੀਦਾ ਹੈ।

ਐੱਸਸੀਓ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਡਾਰ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿਚ ਦੱਖਣੀ ਏਸ਼ੀਆ ਵਿਚ ਬਹੁਤ ਹੀ ਚਿੰਤਾਜਨਕ ਘਟਨਾਵਾਂ ਦੇਖੀਆਂ ਗਈਆਂ ਹਨ। ਉਨ੍ਹਾਂ ਕਿਹਾ, ‘ਬਿਨਾਂ ਕਿਸੇ ਭਰੋਸੇਯੋਗ ਜਾਂਚ ਜਾਂ ਸੱਚਾਈ ਦੇ ਸਬੂਤ ਦੇ ਪਹਿਲਗਾਮ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਬਹੁਤ ਹੀ ਦੁਖਦਾਈ ਹੈ। ਇਸ ਨੇ ਦੋ ਪਰਮਾਣੂ ਸ਼ਕਤੀ ਸੰਪੰਨ ਦੇਸ਼ਾਂ ਨੂੰ ਵੱਡੇ ਸੰਘਰਸ਼ ਦੀ ਕਗਾਰ ’ਤੇ ਖੜ੍ਹਾ ਕਰ ਦਿੱਤਾ ਸੀ।’ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ’ਤੇ ਡਾਰ ਨੇ ਕਿਹਾ, ‘ਪਾਕਿਸਤਾਨ ਜੰਗਬੰਦੀ ਤੇ ਸਥਿਰ ਖੇਤਰੀ ਸੰਤੁਲਨ ਬਣਾਉਣ ਲਈ ਆਪਣੀ ਵਚਨਬੱਧਤਾ ’ਤੇ ਅਡਿੱਗ ਹੈ। ਪਰ ਅਸੀਂ ਇਹ ਸਵੀਕਾਰ ਨਹੀਂ ਕਰ ਸਕਦੇ ਕਿ ਬਲ ਦੀ ਮਨਮਾਨੀ ਵਰਤੋਂ ਆਮ ਹੋ ਜਾਵੇ। ਸਾਡੇ ਲਈ ਇਹ ਮਹੱਤਵਪੂਰਨ ਹੈ ਕਿ ਵਿਵਾਦਾਂ ਤੇ ਮਤਭੇਦਾਂ ਦਾ ਹੱਲ ਸੰਘਰਸ਼ ਅਤੇ ਦਬਾਅ ਦੀ ਬਜਾਏ ਗੱਲਬਾਤ ਤੇ ਕੂਟਨੀਤੀ ਨਾਲ ਹੋਣਾ ਚਾਹੀਦਾ ਹੈ।’

ਡਾਰ ਨੇ ਕਿਹਾ, ‘ਇਸ ਪਿਛੋਕੜ ਵਿਚ ਇਕ ਵਿਸ਼ਾਲ ਤੇ ਢਾਂਚਾਗਤ ਗੱਲਬਾਤ ਦੀ ਸ਼ੁਰੂਆਤ ਉਨ੍ਹਾਂ ਸਾਰੇ ਮੁੱਦਿਆਂ ਦਾ ਸਾਰਥਕ ਹੱਲ ਕਰ ਸਕਦੀ ਹੈ ਜੋ ਲੰਬੇ ਸਮੇਂ ਤੋਂ ਦੱਖਣੀ ਏਸ਼ੀਆ ਵਿਚ ਸ਼ਾਂਤੀ ਤੇ ਸੁਰੱਖਿਆ ਲਈ ਖ਼ਤਰਾ ਬਣੇ ਹੋਏ ਹਨ। ਇਸ ਸੰਦਰਭ ਵਿਚ ਦੁਵੱਲੇ ਸਮਝੌਤਿਆਂ ਦੀ ਪੂਰੀ ਪਾਲਣਾ ਵੀ ਉੱਨੀ ਹੀ ਮਹੱਤਵਪੂਰਨ ਹੋਵੇਗੀ।’ ਉਨ੍ਹਾਂ ਕਿਹਾ ਕਿ 22 ਅਪ੍ਰੈਲ ਦੇ ਹਮਲੇ ਤੋਂ ਬਾਅਦ ਖੇਤਰ ਵਿਚ ਵਾਪਰੀਆਂ ਘਟਨਾਵਾਂ ਨੇ ਦੱਖਣੀ ਏਸ਼ਿਆਈ ਭੂ-ਰਾਜਨੀਤੀ ਦੇ ਇਕ ਕੇਂਦਰੀ ਸੱਚ ਦੀ ਪੁਸ਼ਟੀ ਕੀਤੀ ਹੈ ਕਿ ਖੇਤਰ ਵਿਚ ਸਥਾਈ ਸ਼ਾਂਤੀ ਲਈ ਲੰਬੇ ਸਮੇਂ ਤੋਂ ਅਣਸੁਲਝੇ ਵਿਵਾਦਾਂ ਦਾ ਸ਼ਾਂਤਮਈ ਹੱਲ ਲਾਜ਼ਮੀ ਹੈ।