National

ਸ਼ੁਭਾਂਸ਼ੂ ਸਣੇ ਚਾਰ ਪੁਲਾੜ ਯਾਤਰੀਆਂ ਦੀ ਧਰਤੀ ’ਤੇ ਵਾਪਸੀ ਦਾ ਸਫ਼ਰ ਸ਼ੁਰੂ

ਨਵੀਂ ਦਿੱਲੀ-ਡਰੈਗਨ ਗਰੇਸ ਪੁਲਾੜ ਜਹਾਜ਼ ਦੇ ਅੱਜ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਤੋਂ ਵੱਖ ਹੋਣ ਨਾਲ ਸ਼ੁਭਾਂਸ਼ੂ ਸ਼ੁਕਲਾ ਅਤੇ ਐਕਸੀਓਮ-4 ਮਿਸ਼ਨ ਦੇ ਤਿੰਨ ਹੋਰ ਪੁਲਾੜ ਯਾਤਰੀਆਂ ਦਾ ਧਰਤੀ ’ਤੇ ਵਾਪਸੀ ਦਾ ਸਫਰ ਸ਼ੁਰੂ ਹੋ ਗਿਆ ਹੈ। 18 ਦਿਨਾਂ ਤੋਂ ਇਹ ਚਾਰੇ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਸਨ। ਸ਼ੁਕਲਾ, ਰਾਕੇਸ਼ ਸ਼ਰਮਾ ਮਗਰੋਂ ਪੁਲਾੜ ਵਿੱਚ ਜਾਣ ਵਾਲੇ ਦੂਜੇ ਭਾਰਤੀ ਹਨ। ਡਰੈਗਨ ਗਰੇਸ ਪੁਲਾੜ ਜਹਾਜ਼ ਦੇ ਭਲਕੇ 15 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 3.01 ਵਜੇ ਕੈਲੀਫੋਰਨੀਆ ਦੇ ਤੱਟ ’ਤੇ ਪਹੁੰਚਣ ਦੀ ਸੰਭਾਵਨਾ ਹੈ।

ਡਰੈਗਨ ਪੁਲਾੜ ਜਹਾਜ਼ ਆਈਐੱਸਐੱਸ ਤੋਂ ਭਾਰਤੀ ਸਮੇਂ ਅਨੁਸਾਰ ਸ਼ਾਮ 4.45 ਵਜੇ ਵੱਖ ਹੋਇਆ। ਇਸ ਵਿੱਚ ਮੂਲ ਪ੍ਰੋਗਰਾਮ ਤੋਂ 10 ਮਿੰਟ ਦੀ ਦੇਰੀ ਹੋਈ ਅਤੇ ਪ੍ਰਯੋਗਸ਼ਾਲਾ ਤੋਂ ਦੂਰ ਜਾਣ ਲਈ ਉਸ ਨੇ ਦੋ ਵਾਰ ਥ੍ਰਸਟਰਜ਼ ਚਾਲੂ ਕੀਤੇ। ਸ਼ੁਕਲਾ, ਕਮਾਂਡਰ ਪੈਗੀ ਵ੍ਹਿਟਸਨ ਅਤੇ ਮਿਸ਼ਨ ਮਾਹਿਰ ਪੋਲੈਂਡ ਦੇ ਸਲਾਵੋਜ਼ ਉਜ਼ਨਾਨਸਕੀ ਵਿਸਨੀਵਸਕੀ ਤੇ ਹੰਗਰੀ ਦੇ ਟਿਬੋਰ ਕਾਪੂ ਸਮੇਤ ਐਕਸੀਓਮ-4 ਦੀ ਚਾਲਕ ਟੀਮ ਨੇ 26 ਜੂਨ ਨੂੰ ਆਈਐੱਸਐੱਸ ਨਾਲ ਜੁੜਨ ਤੋਂ ਬਾਅਦ ਤਕਰੀਬਨ 76 ਲੱਖ ਮੀਲ ਦੀ ਦੂਰੀ ਤੈਅ ਕਰਦਿਆਂ ਧਰਤੀ ਦੇ ਚਾਰੋਂ ਪਾਸੇ ਤਕਰੀਬਨ 433 ਘੰਟੇ ਜਾਂ 18 ਦਿਨਾਂ ਅੰਦਰ 288 ਪਰਿਕਰਮਾਵਾਂ ਕੀਤੀਆਂ। ਗਲੇ ਮਿਲਣ ਤੇ ਹੱਥ ਮਿਲਾਉਣ ਮਗਰੋਂ ਚਾਰੇ ਪੁਲਾੜ ਯਾਤਰੀ ਅਨਡੌਕਿੰਗ ਤੋਂ ਤਕਰੀਬਨ ਦੋ ਘੰਟੇ ਪਹਿਲਾਂ ਡਰੈਗਨ ਪੁਲਾੜ ਜਹਾਜ਼ ਅੰਦਰ ਦਾਖਲ ਹੋਏ, ਆਪਣੇ ਸਪੇਸ ਸੂਟ ਪਹਿਨੇ ਅਤੇ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 2.37 ਵਜੇ ਪੁਲਾੜ ਜਹਾਜ਼ ਨੂੰ ਆਈਐੱਸਐੱਸ ਨਾਲ ਜੋੜਨ ਵਾਲੇ ਹੈਚ ਬੰਦ ਕਰ ਦਿੱਤੇ ਗਏ। ਬੀਤੇ ਦਿਨ ਆਈਐੱਸਐੱਸ ’ਤੇ ਵਿਦਾਈ ਸਮਾਗਮ ’ਚ ਸ਼ੁਕਲਾ ਨੇ ਕਿਹਾ ਸੀ, ‘ਜਲਦੀ ਹੀ ਧਰਤੀ ’ਤੇ ਮੁਲਾਕਾਤ ਕਰਦੇ ਹਾਂ।’ ਪੁਲਾੜ ਸਟੇਸ਼ਨ ਨੇੜਲੇ ਸੁਰੱਖਿਅਤ ਖੇਤਰ ’ਚੋਂ ਬਾਹਰ ਨਿਕਲਣ ਮਗਰੋਂ ਪੁਲਾੜ ਯਾਤਰੀਆਂ ਨੇ ਧਰਤੀ ਦੀ ਵਾਪਸੀ ਦੀ 22.5 ਘੰਟੇ ਦੀ ਯਾਤਰਾ ਲਈ ਆਪਣੇ ਸਪੇਸ ਸੂਟ ਉਤਾਰ ਦਿੱਤੇ। ਧਰਤੀ ’ਤੇ ਪਹੁੰਚਣ ਮਗਰੋਂ ਚਾਰੇ ਪੁਲਾੜ ਯਾਤਰੀਆਂ ਨੂੰ ਪੁਨਰਵਾਸ ’ਚ ਸੱਤ ਦਿਨ ਬਿਤਾਉਣੇ ਪੈਣਗੇ।