ਕਾਂਗਰਸ ਨੇ ਐਮਰਜੈਂਸੀ ਲਈ ਕਦੇ ਮੁਆਫ਼ੀ ਨਹੀਂ ਮੰਗੀ: ਜੈਸ਼ੰਕਰ
ਨਵੀਂ ਦਿੱਲੀ-ਵਿਦੇਸ਼ ਮੰਤਰੀ ਡਾਕਟਰ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਕੁਝ ਲੋਕ ਹੱਥਾਂ ਵਿੱਚ ਸੰਵਿਧਾਨ ਦੀ ਕਾਪੀ ਲੈ ਕੇ ਘੁੰਮਦੇ ਹਨ ਪਰ ਉਨ੍ਹਾਂ ਦੇ ਦਿਲਾਂ ’ਚ ਕੁਝ ਹੋਰ ਹੀ ਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਐਮਰਜੈਂਸੀ ਲਗਾਉਣ ਲਈ ਕਦੇ ਵੀ ਮੁਆਫ਼ੀ ਨਹੀਂ ਮੰਗੀ ਹੈ। ਇਥੇ ਐੱਨਡੀਐੱਮਸੀ ਕਨਵੈਨਸ਼ਨ ਸੈਂਟਰ ਵਿਖੇ ਦਿੱਲੀ ਭਾਜਪਾ ਯੁਵਾ ਮੋਰਚਾ ਨੇ ਐਮਰਜੈਂਸੀ ਦੇ 50 ਸਾਲ ਪੂਰੇ ਹੋਣ ’ਤੇ ‘ਸੰਵਿਧਾਨ ਹੱਤਿਆ ਦਿਵਸ’ ਮਨਾਉਂਦਿਆਂ ਮੌਕ ਪਾਰਲੀਮੈਂਟ ਦਾ ਪ੍ਰਬੰਧ ਕੀਤਾ। ਇਸ ਦਾ ਉਦਘਾਟਨ ਜੈਸ਼ੰਕਰ ਅਤੇ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕੀਤਾ। ਮੌਕ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ, ‘‘ਐਮਰਜੈਂਸੀ ਕੋਈ ਸਿਆਸੀ ਮੁੱਦਾ ਨਹੀਂ ਸੀ ਬਲਕਿ ਇਹ ਸਾਡੀ ਜੀਵਨ ਜਾਚ ’ਤੇ ਹਮਲਾ ਸੀ ਜੋ ਸਿਰਫ਼ ਇੱਕ ਪਰਿਵਾਰ ਕਾਰਨ ਹੋਇਆ। ਐਮਰਜੈਂਸੀ ਵਿੱਚ ਸੰਵਿਧਾਨ ਦਾ ਇਸ ਤਰ੍ਹਾਂ ਕਤਲ ਕੀਤਾ ਗਿਆ ਸੀ ਕਿ ਜੇ ਤੁਸੀਂ ਆਪਣੀ ਜਾਨ ਵੀ ਗੁਆ ਦਿਓ ਤਾਂ ਵੀ ਅਦਾਲਤ ਤੁਹਾਨੂੰ ਰਾਹਤ ਨਹੀਂ ਦੇ ਸਕਦੀ ਸੀ।’’ ਉਨ੍ਹਾਂ ਕਿਹਾ ਕਿ ਮੌਕ ਪਾਰਲੀਮੈਂਟ ਰਾਹੀਂ ਨੌਜਵਾਨ ਪੀੜ੍ਹੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਾਂਗਰਸ ਨੇ ਸੱਤਾ ਅਤੇ ਕੁਰਸੀ ਦੇ ਲਾਲਚ ਵਿੱਚ ਸੰਵਿਧਾਨ ਦਾ ਗਲਾ ਕਿਵੇਂ ਘੁੱਟਿਆ ਸੀ। ਮੌਕ ਪਾਰਲੀਮੈਂਟ ’ਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜੈਸ਼ੰਕਰ ਅਤੇ ਸਚਦੇਵਾ ਨੇ ਐਮਰਜੈਂਸੀ ਸਬੰਧੀ ਵਿਸ਼ੇਸ਼ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।
