National

‘ਸੰਵਿਧਾਨ ਹੱਤਿਆ ਦਿਵਸ’ ਲੋਕਤੰਤਰ ਦਾ ਮਜ਼ਾਕ: ਮਮਤਾ

ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ 25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਵਜੋਂ ਮਨਾਉਣ ਦੇ ਫੈਸਲੇ ਦੀ ਅੱਜ ਨਿਖੇਧੀ ਕਰਦਿਆਂ ਇਸ ਨੂੰ ਲੋਕਤੰਤਰ ਅਤੇ ਸੰਵਿਧਾਨ ਦਾ ਮਜ਼ਾਕ ਦੱਸਿਆ ਹੈ। ਬੈਨਰਜੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਇਹ ਦਿਨ ਨਹੀਂ ਮਨਾਏਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਹਮੇਸ਼ਾ ਯਾਤਰਾ ’ਤੇ ਰਹਿੰਦੇ ਹਨ ਅਤੇ ਕੇਂਦਰੀ ਗ੍ਰਹਿ ਮੰਤਰੀ ਹੀ ਅਸਲ ਵਿੱਚ ਸਰਕਾਰ ਚਲਾ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਹੀ ਅਧਿਕਾਰਤ ਤੌਰ ’ਤੇ ਪ੍ਰਧਾਨ ਮੰਤਰੀ ਐਲਾਨ ਦੇਣਾ ਚਾਹੀਦਾ ਹੈ। ਉਨ੍ਹਾਂ ਪੁੱਛਿਆ, ‘ਨਰਿੰਦਰ ਮੋਦੀ ਤੇ ਅਮਿਤ ਸ਼ਾਹ ’ਚੋਂ ਅਸਲ ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਹੈ ਕੌਣ? ਨਰਿੰਦਰ ਮੋਦੀ ਨਹੀਂ ਸਗੋਂ ਅਮਿਤ ਸ਼ਾਹ ਸਰਕਾਰ ਚਲਾ ਰਹੇ ਹਨ। ਮੋਦੀ ਤਾਂ ਹਮੇਸ਼ਾ ਯਾਤਰਾ ’ਤੇ ਰਹਿੰਦੇ ਹਨ ਅਤੇ ਸਾਰਾ ਕੰਮਕਾਜ ਸ਼ਾਹ ਨੂੰ ਸੌਂਪਿਆ ਹੋਇਆ ਹੈ। ਉਨ੍ਹਾਂ ਨੂੰ ਹੀ ਅਧਿਕਾਰਤ ਤੌਰ ’ਤੇ ਪ੍ਰਧਾਨ ਮੰਤਰੀ ਐਲਾਨ ਦੇਣਾ ਚਾਹੀਦਾ ਹੈ।’ ਮੁੱਖ ਮੰਤਰੀ ਨੇ ਕਿਹਾ, ‘ਅਸੀਂ 25 ਜੂਨ ਨੂੰ ਸੰਵਿਧਾਨ ਹੱਤਿਆ ਦਿਵਸ ਵਜੋਂ ਨਹੀਂ ਮਨਾਵਾਂਗੇ। ਇਹ ਪਖੰਡ ਤੋਂ ਸਿਵਾਏ ਹੋਰ ਕੁਝ ਨਹੀਂ। ਜਿਹੜੇ ਲੋਕ ਸੰਵਿਧਾਨ ਦਾ ਸਤਿਕਾਰ ਨਹੀਂ ਕਰਦੇ, ਉਹ ਹੁਣ ਇਸ ਦੀ ਅਖੰਡਤਾ ਦਾ ਪ੍ਰਚਾਰ ਕਰ ਰਹੇ ਹਨ। ਇਹ ਮਜ਼ਾਕ ਹੈ।’ ਉਨ੍ਹਾਂ ਕਿਹਾ, ‘ਜਿਸ ਤਰ੍ਹਾਂ ਭਾਜਪਾ ਹਰ ਰੋਜ਼ ਸੰਵਿਧਾਨ ਬਦਲਣ ਅਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਨੂੰ ਦੇਖਦਿਆਂ ਸਾਨੂੰ ਹਰ ਰੋਜ਼ ਹੀ ਸੰਵਿਧਾਨ ਹਤਿਆ ਦਿਵਸ ਮਨਾਉਣਾ ਚਾਹੀਦਾ ਹੈ।