ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਬੁਨਿਆਦੀ ਸਿਹਤ ਢਾਂਚੇ ਦਾ ਵਿਕਾਸ ਹੋਇਆ: ਸ਼ਾਹ
ਨਾਗਪੁਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ’ਚ ਸਿਹਤ ਖੇਤਰ ਸਬੰਧੀ ਬੁਨਿਆਦੀ ਢਾਂਚੇ ਨੂੰ ਵੱਡੇ ਪੱਧਰ ’ਤੇ ਉਤਸ਼ਾਹ ਮਿਲਿਆ ਹੈ ਜਦਕਿ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਸ੍ਰੀ ਸ਼ਾਹ ਇੱਥੇ ਨਾਗਪੁਰ ਵਿੱਚ ਨੈਸ਼ਨਲ ਕੈਂਸਰ ਇੰਸਟੀਚਿਊਟ ਵਿੱਚ ਕੈਂਸਰ ਰੋਗੀਆਂ ਤੇ ਉਨ੍ਹਾਂ ਦੇ ਦੇਖਭਾਲ ਕਰਨ ਵਾਲਿਆਂ ਲਈ ਰਿਹਾਇਸ਼ੀ ਸਹੂਲਤ ‘ਸਵਸਤੀ ਨਿਵਾਸ’ ਦਾ ਨੀਂਹ ਪੱਥਰ ਰੱਖਣ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਸਿਹਤ ਸੇਵਾ ਨੂੰ ਉਤਸ਼ਾਹਿਤ ਕਰਨ ਦੇ ਸਰਕਾਰੀ ਯਤਨਾਂ ਵਿੱਚ ਸਹਾਇਤਾ ਲਈ ਪ੍ਰਾਈਵੇਟ ਸੈਕਟਰ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ,‘ਪ੍ਰਧਾਨ ਮੰਤਰੀ ਮੋਦੀ ਦੇ ਸ਼ਾਸਨ ਕਾਲ ਵਿੱਚ ਸਿਹਤ ਖੇਤਰ ਦਾ ਬਜਟ 1.35 ਲੱਖ ਕਰੋੜ ਰੁਪਏ ਹੈ ਜਦਕਿ ਮਨਮੋਹਨ ਸਿੰਘ ਸਰਕਾਰ ਦੇ ਸਮੇਂ ਵਿੱਚ ਇਹ 37,000 ਕਰੋੜ ਰੁਪਏ ਹੋ ਗਿਆ ਸੀ।’ ਦੇਸ਼ ਦੀਆਂ ਮੁੱਖ ਕੈਂਸਰ ਇਲਾਜ ਇਕਾਈਆਂ ’ਚੋਂ ਐੱਨਸੀਆਈ ਵਿੱਚ ਕਰਵਾਏ ਗਏ ਸਮਾਗਮ ਮੌਕੇ ਸ੍ਰੀ ਸ਼ਾਹ ਨੇ ਕਿਹਾ ਕਿ ਦੁਨੀਆ ਵਿੱਚ ਮੂੁੰਹ ਦੇ ਕੈਂਸਰ ਦੇ ਮਰੀਜ਼ਾਂ ਦਾ ਸਭ ਤੋਂ ਵੱਡਾ ਹਿੱਸਾ ਭਾਰਤ ਵਿੱਚ ਹੈ। ਉਨ੍ਹਾਂ ਕਿਹਾ ਕਿ ਮੁਲਕ ਵਿੱਚ ਹਰ ਅੱਠ ਮਿੰਟ ਮਗਰੋਂ ਸਰਵੀਕਲ ਕੈਂਸਰ ਕਾਰਨ ਇੱਕ ਮਹਿਲਾ ਦੀ ਮੌਤ ਹੋ ਜਾਂਦੀ ਹੈ।