ਮੋਦੀ ਡਰ ਕਾਰਨ ਜਾਤੀ ਜਨਗਣਨਾ ਲਈ ਮੰਨੇ: ਰਾਹੁਲ ਗਾਂਧੀ
ਦਰਭੰਗਾ-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਵਾਂਝੀ ਆਬਾਦੀ ਦੇ ਡਰ ਕਾਰਨ ਜਾਤੀ ਆਧਾਰਿਤ ਗਣਨਾ ਕਰਾਉਣ ਲਈ ਸਹਿਮਤ ਹੋਏ ਹਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਟਿੱਪਣੀ ਬਿਹਾਰ ਦੇ ਦਰਭੰਗਾ ਜ਼ਿਲ੍ਹੇ ’ਚ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਕੀਤੀ। ਸਥਾਨਕ ਪ੍ਰਸ਼ਾਸਨ ਨੇ ਕਾਂਗਰਸ ਆਗੂ ਨੂੰ ਪ੍ਰੋਗਰਾਮ ਵਾਲੀ ਥਾਂ ’ਤੇ ਪਹੁੰਚਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਇਆ। ਰਾਹੁਲ ਗਾਂਧੀ ਨੇ ਪਟਨਾ ਦੇ ਸਿਨੇਮਾਘਰ ’ਚ ਪਾਰਟੀ ਵਰਕਰਾਂ ਤੇ ਸਮਾਜਿਕ ਕਾਰਕੁਨਾਂ ਨਾਲ ਸਮਾਜ ਸੁਧਾਰਕਾਂ ਜਯੋਤੀਰਾਓ ਫੂਲੇ ਤੇ ਸਾਵਿਤਰੀ ਬਾਈ ਫੂਲੇ ਦੇ ਜੀਵਨ ’ਤੇ ਬਣੀ ਫਿਲਮ ‘ਫੂਲੇ’ ਵੀ ਦੇਖੀ।
ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, ‘ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੇਰੀ ਕਾਰ (ਮਿਥਿਲਾ ਯੂਨੀਵਰਸਿਟੀ ਦੇ) ਗੇਟ ’ਤੇ ਰੋਕ ਦਿੱਤੀ ਗਈ ਸੀ। ਪਰ ਮੈਂ ਹਾਰ ਨਹੀਂ ਮੰਨੀ। ਮੈਂ ਬਾਹਰ ਨਿਕਲਿਆ ਤੇ ਇੱਕ ਹੋਰ ਰਸਤਿਓਂ ਪੈਦਲ ਇੱਥੇ ਆ ਗਿਆ।’ ਉਨ੍ਹਾਂ ਬਿਹਾਰ ’ਚ ਜਨ ਸੰਪਰਕ ਪ੍ਰੋਗਰਾਮ ‘ਸਿੱਖਿਆ ਨਿਆਂ ਸੰਵਾਦ’ ਦੀ ਸ਼ੁਰੂਆਤ ਕੀਤੀ। ਗਾਂਧੀ ਨੇ ਯੂਨੀਵਰਸਿਟੀ ਦੇ ਅੰਬੇਡਕਰ ਹੋਸਟਲ ’ਚ ਇਹ ਗੱਲ ਕਹੀ ਜਿੱਥੇ ਪ੍ਰਸ਼ਾਸਨ ਨੇ ਪ੍ਰੋਗਰਾਮ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਤੁਹਾਨੂੰ ਪਤਾ ਹੈ ਕਿ ਬਿਹਾਰ ਦੀ ਸਰਕਾਰ ਮੈਨੂੰ ਕਿਉਂ ਨਹੀਂ ਰੋਕ ਸਕੀ? ਅਜਿਹਾ ਇਸ ਲਈ ਹੋਇਆ ਕਿਉਂਕਿ ਤੁਹਾਡੇ ਅੰਦਰ ਊਰਜਾ ਦਾ ਭੰਡਾਰ ਹੈ। ਮੈਨੂੰ ਵੀ ਉਸ ਤੋਂ ਊਰਜਾ ਮਿਲੀ ਹੈ। ਇਹੀ ਉਹ ਊਰਜਾ ਹੈ ਜਿਸ ਅੱਗੇ ਨਰਿੰਦਰ ਮੋਦੀ ਨੂੰ ਝੁਕਣਾ ਪਿਆ।