National

ਉਮਰ ਅਬਦੁੱਲ੍ਹਾ ਵੱਲੋਂ ਪੁਣਛ ਦੇ ਗੋਲਾਬਾਰੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਪੁਣਛ/ਜੰਮੂ-ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਪੁਣਛ ਜ਼ਿਲ੍ਹੇ ’ਚ ਪਾਕਿਸਤਾਨ ਵੱਲੋਂ ਕੀਤੀ ਗੋਲਾਬਾਰੀ ਤੋਂ ਪ੍ਰਭਾਵਿਤ ਲੋਕਾਂ ਨਾਲ ਸੰਪਰਕ ਕੀਤਾ ਅਤੇ ਇਲਾਕਿਆਂ ’ਚ ਬੰਕਰ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਲੰਘੇ ਬੁੱਧਵਾਰ ਤੋਂ ਹੁਣ ਤੱਕ ਪਾਕਿਸਤਾਨ ਵੱਲੋਂ ਹੋਈ ਗੋਲਾਬਾਰੀ ’ਚ ਮਾਰੇ 27 ਵਿਅਕਤੀਆਂ ’ਚੋਂ ਸਭ ਤੋਂ ਵੱਧ 20 ਵਿਅਕਤੀ ਪੁਣਛ ਜ਼ਿਲ੍ਹੇ ’ਚ ਮਾਰੇ ਗਏ ਹਨ। ਇਨ੍ਹਾਂ ਹਮਲਿਆਂ ’ਚ 50 ਤੋਂ ਵੱਧ ਜ਼ਖ਼ਮੀ ਹੋਏ ਹਨ। ਮੁੱਖ ਮੰਤਰੀ ਦੇ ਹਸਪਤਾਲ ਦਾਖਲ ਜ਼ਖ਼ਮੀਆਂ ਨਾਲ ਮੁਲਾਕਾਤ ਵੀ ਕੀਤੀ।

ਅਬਦੁੱਲ੍ਹਾ ਨੇ ਆਪਣੇ ਸਲਾਹਕਾਰ ਨਾਸਿਰ ਅਸਲਮ ਵਾਨੀ ਤੇ ਵਿਧਾਇਕ ਐਜਾਜ਼ ਜਾਨ ਨਾਲ ਪੁਣਛ ਦਾ ਦੌਰਾ ਕੀਤਾ ਅਤੇ ਪਾਕਿਸਤਾਨੀ ਗੋਲਾਬਾਰੀ ’ਚ ਬੁਰੀ ਤਰ੍ਹਾਂ ਨੁਕਸਾਨੇ ਗਏ ਇਲਾਕਿਆਂ ਦਾ ਸਰਵੇਖਣ ਕੀਤਾ। ਉਨ੍ਹਾਂ ਗੋਲਾਬਾਰੀ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ, ਖਾਸ ਤੌਰ ’ਤੇ ਅਮਰਜੀਤ ਸਿੰਘ ਤੇ ਅਮਰੀਕ ਸਿੰਘ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਕਰਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਮੁੱਖ ਮੰਤਰੀ ਨੂੰ ਜ਼ਮੀਨੀ ਹਾਲਾਤ ਤੋਂ ਜਾਣੂ ਕਰਵਾਇਆ। ਇਸ ਯਾਤਰਾ ਦਾ ਮਕਸਦ ਦੁਖੀ ਪਰਿਵਾਰਾਂ ਨੂੰ ਹਿੰਮਤ ਤੇ ਤਸੱਲੀ ਦੇਣਾ ਸੀ। ਅਬਦੁੱਲ੍ਹਾ ਨੇ ਸੂਰਨਕੋਟ ਖੇਤਰ ਦਾ ਵੀ ਦੌਰਾ ਕੀਤਾ ਅਤੇ ਸਰਹੱਦੀ ਖੇਤਰਾਂ ’ਚ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਹੈ। ਉਨ੍ਹਾਂ ਆਪਣੀ ਸਰਕਾਰ ਦੇ ਮੰਤਰੀ ਜਾਵੇਦ ਰਾਣਾ ਵੱਲੋਂ ਕੀਤੇ ਜਾ ਰਹੇ ਉਪਾਅ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਸਰਹੱਦੀ ਇਲਾਕਿਆਂ ਦੇ ਲੋਕਾਂ ਦੀ ਸੁਰੱਖਿਆ ਲਈ ਬੰਕਰਾਂ ਦੇ ਨਿਰਮਾਣ ਦੀ ਲੋੜ ’ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਵੱਲੋਂ ਰਾਜੌਰੀ ਦਾ ਦੌਰਾ ਵੀ ਕੀਤਾ ਜਾਵੇਗਾ। ਜੰਮੂ ਕਸ਼ਮੀਰ ’ਚ ਲੰਘੀ ਰਾਤ ਪਾਕਿਸਤਾਨ ਵੱਲੋਂ ਕੋਈ ਗੋਲਾਬਾਰੀ ਨਾ ਹੋਣ ਕਾਰਨ ਕਾਫੀ ਹੱਦ ਤੱਕ ਸ਼ਾਂਤੀ ਰਹੀ। ਹਾਲ ਹੀ ਦੇ ਦਿਨਾਂ ’ਚ ਇਹ ਪਹਿਲੀ ਅਜਿਹੀ ਰਾਤ ਸੀ।