National

ਕਾਂਗਰਸ ਨੇ ਪਹਿਲਗਾਮ ’ਚ ਸੁਰੱਖਿਆ ਖਾਮੀਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ

ਨਵੀਂ ਦਿੱਲੀ-ਕਾਂਗਰਸ ਨੇ ਅੱਜ ਪਹਿਲਗਾਮ ਦਹਿਸ਼ਤੀ ਹਮਲੇ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ। ਕਾਂਗਰਸ ਨੇ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਦਹਿਸ਼ਤੀ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਾਂ ਮਾਰ ਦਿੱਤਾ ਗਿਆ ਹੈ? ਇਸੇ ਤਰ੍ਹਾਂ ਉਨ੍ਹਾਂ ਪਹਿਲਗਾਮ ਵਿੱਚ ਹਮਲੇ ਵਾਲੇ ਦਿਨ ਸਾਹਮਣੇ ਆਈਆਂ ਸੁਰੱਖਿਆ ਖਾਮੀਆਂ ’ਤੇ ਵੀ ਸਵਾਲ ਚੁੱਕਿਆ। ਇੱਥੇ ਆਲ ਇੰਡੀਆ ਕਾਂਗਰਸ ਕਮੇਟੀ ਹੈੱਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਭੁਪੇਸ਼ ਬਘੇਲ ਨੇ ਪੁੱਛਿਆ ਕਿ ਕੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਵੱਲੇ ਮਾਮਲਿਆਂ ਵਿੱਚ ਤੀਜੀ ਧਿਰ ਦੇ ਦਖਲ ਸਬੰਧੀ ਦੇਸ਼ ਦੀ ਵਿਦੇਸ਼ ਨੀਤੀ ਵਿੱਚ ਕੋਈ ਤਬਦੀਲੀ ਆਈ ਹੈ?

ਉਨ੍ਹਾਂ ਸੱਤਾਧਾਰੀ ਭਾਜਪਾ ’ਤੇ ਸੋਸ਼ਲ ਮੀਡੀਆ ’ਤੇ ਪਹਿਲਗਾਮ ਹਮਲੇ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਦਾ ਐਲਾਨ ਕਰਨਾ ਕੂਟਨੀਤਕ ਅਸਫਲਤਾ ਹੈ। ਕਾਂਗਰਸ ਆਗੂ ਨੇ ਸਰਕਾਰ ਦੀ ਲੀਡਰਸ਼ਿਪ ’ਤੇ ਵੀ ਸਵਾਲ ਉਠਾਏ ਅਤੇ ਉਨ੍ਹਾਂ ’ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਦੋਸ਼ ਲਾਇਆ।

ਬਘੇਲ ਨੇ ਪੁੱਛਿਆ ਕਿ ਸੰਸਦ ਦਾ ਵਿਸ਼ੇਸ਼ ਸੈਸ਼ਨ ਜਾਂ ਪ੍ਰਧਾਨ ਮੰਤਰੀ ਦੀ ਅਗਵਾਈ ਹੇਠਲੀ ਸਰਬ ਪਾਰਟੀ ਮੀਟਿੰਗ ਕਿਉਂ ਨਹੀਂ ਬੁਲਾਈ ਜਾ ਰਹੀ। ਉਨ੍ਹਾਂ ਕਿਹਾ ਕਿ ਜੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਬ ਪਾਰਟੀ ਮੀਟਿੰਗ ਵਿੱਚ ਸ਼ਾਮਲ ਨਾ ਹੋਏ ਤਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਬਘੇਲ ਨੇ ਕਿਹਾ ਕਿ 1971 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੁਨੀਆ ਨੂੰ ਦਿਖਾ ਦਿੱਤਾ ਸੀ ਕਿ ਭਾਰਤ ਕਿਸੇ ਅੱਗੇ ਨਹੀਂ ਝੁਕੇਗਾ। ਉਨ੍ਹਾਂ ਕਿਹਾ ਕਿ ਅੱਜ ਵੀ ਹਥਿਆਰਬੰਦ ਫੌਜਾਂ ਸਰਹੱਦ ’ਤੇ ਉਸੇ ਭਾਵਨਾ ਨਾਲ ਤਾਇਨਾਤ ਹਨ।