Punjab

ਬੀਕੇਯੂ ਏਕਤਾ (ਉਗਰਾਹਾਂ) ਨੇ ਗਿਆਸਪੁਰਾ ਨੂੰ ਘੇਰਿਆ

ਮਲੌਦ-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿੰਡ ਕਲਾੜ ਵਿੱਚ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਔਰਤਾਂ ਉੱਤੇ ਪੁਲੀਸ ਵੱਲੋਂ ਕੀਤੇ ਜਬਰ ਸਬੰਧੀ ਸਵਾਲ ਪੁੱਛੇ ਗਏ। ਕਿਸਾਨ ਆਗੂਆਂ ਨੇ ਵਿਧਾਇਕ ਨੂੰ ਆਦਰਸ਼ ਸਕੂਲ ਚਾਉਕੇ ਦੇ ਘਪਲੇ ਅਤੇ ਪੁਲੀਸ ਜਬਰ ਬਾਰੇ ਸਵਾਲ ਕੀਤਾ ਤਾਂ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉਹ ਸਿਰਫ਼ ਇਸ ਹਲਕੇ ਦੇ ਵਿਧਾਇਕ ਹਨ। ਇਸ ਮਗਰੋਂ ਜਦੋਂ ਕਿਸਾਨਾਂ ਨੇ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ, ਚੰਡੀਗੜ੍ਹ ਨਾ ਜਾਣ ਦੇਣ, ਸ਼ੰਭੂ ਤੇ ਖਨੌਰੀ ਮੋਰਚਿਆਂ ਨੂੰ ਪੁਲੀਸ ਦੀ ਮਦਦ ਨਾਲ ਚੁੱਕਵਾਉਣ, ਕਿਸਾਨਾਂ ਦੇ ਪੱਖ ’ਚ ਕੋਈ ਬਿਆਨ ਨਾ ਦੇਣ ਬਾਰੇ ਪੁੱਛਿਆ ਤਾਂ ਵਿਧਾਇਕ ਨੇ ਫਿਰ ਉਹੀ ਜਵਾਬ ਦਿੱਤਾ ਕਿ ਉਹ ਸਿਰਫ਼ ਹਲਕੇ ਦੇ ਮਸਲਿਆਂ ਬਾਰੇ ਹੀ ਬੋਲ ਸਕਦੇ ਹਨ। ਇਸ ਤੋਂ ਖ਼ਫ਼ਾ ਕਿਸਾਨਾਂ ਨੇ ਕਾਲੀਆਂ ਝੰਡੀਆਂ ਲੈ ਕੇ ਨਾਅਰੇਬਾਜ਼ੀ ਕੀਤੀ ਅਤੇ ‘ਆਪ’ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਜੇਲ੍ਹਾਂ ’ਚ ਭੇਜੇ ਕਿਸਾਨ/ਮੁਲਾਜ਼ਮ ਰਿਹਾਅ ਨਾ ਕੀਤੇ ਅਤੇ ਚਾਉਕੇ ਅਦਰਸ਼ ਸਕੂਲ ਦੇ ਘਪਲੇਬਾਜ਼ਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਦੇ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰ, ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾੜ, ਰਾਜਿੰਦਰ ਸਿੰਘ ਸਿਆੜ, ਜਗਮੀਤ ਸਿੰਘ ਕਲਾੜ, ਚਰਨਜੀਤ ਸਿੰਘ ਫੱਲੇਵਾਲ, ਹਰਜੀਤ ਸਿੰਘ ਘਲੋਟੀ, ਦਰਸ਼ਨ ਸਿੰਘ ਫੱਲੇਵਾਲ, ਯੁਵਰਾਜ ਸਿੰਘ ਘੁਡਾਣੀ, ਦਵਿੰਦਰ ਸਿੰਘ ਸਿਰਥਲਾ, ਨਾਜਰ ਸਿੰਘ ਸਿਆੜ, ਜਸਵੰਤ ਸਿੰਘ ਭੱਟੀਆਂ, ਜਸਵੀਰ ਸਿੰਘ ਖਟੜਾ ਤੇ ਜਸਵੀਰ ਸਿੰਘ ਅਸਗਰੀਪੁਰ ਤੇ ਬੀਬੀ ਕਰਨੈਲ ਕੌਰ ਨੇ ਸੰਬੋਧਨ ਕੀਤਾ।