Punjab

ਨਸ਼ਾ ਤਸਕਰ ਵੱਲੋਂ ਉਸਾਰੀਆਂ ਚਾਰ ਦੁਕਾਨਾਂ ਢਾਹੀਆਂ

ਪਟਿਆਲਾ-ਨਸ਼ਾ ਤਸਕਰੀ ਦੇ ਕੇਸ ਤਹਿਤ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਥਾਣਾ ਅਰਬਨ ਅਸਟੇਟ ਦੇ ਖ਼ੇਤਰ ਵਿੱਚ ਪੈਂਦੇ ਬਾਬਾ ਦੀਪ ਸਿੰਘ ਨਗਰ ਵਾਸੀ ਦੇ ਘਰ ਵਿਚਲੀਆਂ ਚਾਰ ਦੁਕਾਨਾਂ ਨੂੰ ਅੱਜ ਢਾਹ ਦਿੱਤਾ ਗਿਆ ਹੈ। ਇਸ ਕਾਰਵਾਈ ਨੂੰ ਨਗਰ ਨਿਗਮ ਦੀ ਟੀਮ ਨੇ ਪੁਲੀਸ ਦੀ ਮੌਜੂਦਗੀ ਵਿੱਚ ਅੰਜਾਮ ਦਿੱਤਾ। ਨਿਗਮ ਅਧਿਕਾਰੀਆਂ ਨੇ ਕਿਹਾ ਕਿ ਗੁਰਤੇਜ ਸਿੰਘ ਵੱਲੋਂ ਘਰ ’ਚ ਨਾਜਾਇਜ਼ ਢੰਗ ਨਾਲ ਚਾਰ ਦੁਕਾਨਾਂ ਬਣਾਈਆਂ ਗਈਆਂ ਸਨ। ਉਧਰ, ਇਸ ਮੌਕੇ ਮੌਜੂਦ ਥਾਣਾ ਅਰਬਨ ਅਸਟੇਟ ਦੇ ਐੱਸਐੱਚਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਗੁਰਤੇਜ ਸਿੰਘ ਵਿਰੁੱਧ ਨਸ਼ਾ ਤਸਕਰੀ ਦੇ ਮਾਮਲੇ ’ਚ ਦੋ ਐੱਫਆਈਆਰ ਦਰਜ ਸਨ। ਇਸ ਸਮੇਂ ਉਹ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਹੈ। ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਦੀਆਂ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ।