ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਫੌਜਾ ਸਿੰਘ ਸਰਾਰੀ ਦਾ ਵਿਰੋਧ
ਗੁਰੂਹਰਸਹਾਏ-ਇੱਥੋਂ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਜਦੋਂ ਪਿੰਡ ਗੁਦੜਢੰਡੀ ਵਿੱਚ ਸਕੂਲ ਦਾ ਨੀਂਹ ਪੱਥਰ ਰੱਖਣ ਆਏ ਤਾਂ ਸਕੂਲ ਦੇ ਬਾਹਰ ਕਿਸਾਨਾਂ ਤੇ ਮਜ਼ਦੂਰਾਂ ਦਾ ਇਕੱਠ ਹੋ ਗਿਆ। ਜ਼ਿਲ੍ਹੇ ਦੇ ਕਿਸਾਨ ਆਗੂ ਧਰਮ ਸਿੰਘ ਸਿੱਧੂ ਤੇ ਮੰਗਲ ਸਿੰਘ ਗੁਦੜਢੰਡੀ ਨੇ ਵਿਧਾਇਕ ਸਰਾਰੀ ਤੋਂ ਪੁੱਛਿਆ ਕਿ ਜਦੋਂ ਕਿਸਾਨਾਂ ਦਾ ਮੋਰਚਾ 13 ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਕੇਂਦਰ ਸਰਕਾਰ ਵਿਰੁੱਧ ਚੱਲ ਰਿਹਾ ਸੀ ਤਾਂ ਪੰਜਾਬ ਸਰਕਾਰ ਨੇ ਮੋਰਚਾ ਨੂੰ ਕਿਉਂ ਉਖਾੜਿਆ ਤਾਂ ਵਿਧਾਇਕ ਨੇ ਕਿਹਾ ਕਿ ਮੋਰਚਾ ਪੰਜਾਬ ਸਰਕਾਰ ਨੇ ਨਹੀਂ ਉਖਾੜਿਆ ਇਸ ਤੋਂ ਬਾਅਦ ਉਨ੍ਹਾਂ ਨੇ ਸਪਸ਼ਟ ਜਵਾਬ ਨਾ ਦਿੱਤਾ। ਜਦੋਂ ਮੋਰਚਿਆਂ ਵਿਚੋਂ ਸਾਮਾਨ ਚੋਰੀ ਹੋਣ ਬਾਰੇ ਪੁੱਛਿਆ ਤਾਂ ਵਿਧਾਇਕ ਨੇ ਕਿਹਾ ਕਿ ਹੁਣ ਉਨ੍ਹਾਂ ਕੋਲ ਸਮਾਂ ਨਹੀਂ ਹੈ ਤੇ ਉਹ ਚਲੇ ਗਏ, ਜਿਸ ਤੋਂ ਬਾਅਦ ਭੜਕੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ|
ਕਿਸਾਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਕਿਸਾਨ ਅਤੇ ਮਜ਼ਦੂਰ ਕਈ ਵਿਧਾਇਕਾਂ ਅਤੇ ਮੰਤਰੀਆਂ ਦਾ ਪਿੰਡਾਂ ’ਚ ਆਉਣ ’ਤੇ ਘਿਰਾਓ ਕਰ ਚੁੱਕੇ ਹਨ ਅਤੇ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਇਸ ਮੌਕੇ ਰਣਜੀਤ ਸਿੰਘ, ਫੁੰਮਣ ਸਿੰਘ, ਮਿਹਰ ਸਿੰਘ, ਕਿਸ਼ਨ ਸਿੰਘ ਤੇ ਕੁਲਦੀਪ ਸਿੰਘ ਹਾਜ਼ਰ ਸਨ।